ਵਿਆਹ ਕਰਵਾ ਕੇ ਆਸਟ੍ਰੇਲੀਆ ਬੁਲਾਉਣ ਦੇ ਨਾਂ ''ਤੇ ਕੀਤੀ ਠੱਗੀ

Saturday, Jul 20, 2019 - 01:38 AM (IST)

ਵਿਆਹ ਕਰਵਾ ਕੇ ਆਸਟ੍ਰੇਲੀਆ ਬੁਲਾਉਣ ਦੇ ਨਾਂ ''ਤੇ ਕੀਤੀ ਠੱਗੀ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)— ਲੜਕੇ ਨੂੰ ਆਪਣੀ ਲੜਕੀ ਨਾਲ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਧੋਖਾਦੇਹੀ ਕਰਨ 'ਤੇ 3 ਔਰਤਾਂ ਸਮੇਤ ਪੰਜ ਵਿਅਕਤੀਆਂ ਵਿਰੁੱਧ ਥਾਣਾ ਧੂਰੀ ਵਿਚ ਕੇਸ ਦਰਜ ਕੀਤਾ ਗਿਆ ਹੈ।
ਸਹਾਇਕ ਥਾਣੇਦਾਰ ਪਿੰਜੌਰ ਸਿੰਘ ਨੇ ਦੱਸਿਆ ਕਿ ਮੁਦੱਈ ਜਗਦੀਸ਼ ਰਾਏ ਵਾਸੀ ਧੂਰੀ ਨੇ ਦਿੱਤੀ ਦਰਖਾਸਤ 'ਚ ਦੱਸਿਆ ਕਿ ਉਸ ਦੇ ਲੜਕੇ ਅਨਮੋਲ ਗਰਗ ਦਾ ਵਿਆਹ ਯਸ਼ਿਕਾ ਬਾਂਸਲ ਵਾਸੀ ਨਾਭਾ ਨਾਲ 7 ਮਈ 2019 ਨੂੰ ਹੋਇਆ ਸੀ। ਉਸ ਸਮੇਂ ਮੁਦੱਈ ਨੂੰ ਯਸ਼ਿਕਾ ਬਾਂਸਲ ਦੇ ਮਾਤਾ-ਪਿਤਾ ਨੇ ਇਹ ਕਹਿ ਕੇ ਵਿਆਹ ਕੀਤਾ ਸੀ ਕਿ ਸਾਡੀ ਲੜਕੀ ਨੇ ਆਈਲੈੱਟਸ ਕੀਤੀ ਹੋਈ ਹੈ ਅਤੇ ਤੁਸੀਂ ਆਸਟ੍ਰੇਲੀਆ ਭੇਜਣ ਦਾ ਪੂਰਾ ਖਰਚ ਕਰੋਗੇ ਤਾਂ ਸਾਡੀ ਲੜਕੀ ਤੁਹਾਡੇ ਲੜਕੇ ਅਨਮੋਲ ਗਰਗ ਨੂੰ ਆਸਟ੍ਰੇਲੀਆ ਬੁਲਾ ਲਵੇਗੀ, ਜਿਸ ਕਾਰਣ ਮੁਦੱਈ ਨੇ ਵਿਆਹ ਤੋਂ ਪਹਿਲਾਂ 6 ਲੱਖ ਰੁਪਏ ਦਾ ਚੈੱਕ ਅਤੇ 9 ਲੱਖ ਰੁਪਏ ਨਕਦ ਪੈਸੇ ਅਜੈ ਕੁਮਾਰ ਵਾਸੀ ਧੂਰੀ ਦੇ ਘਰ ਦੇ ਦਿੱਤੇ ਸਨ।
ਵਿਆਹ ਵਾਲੇ ਦਿਨ ਯਸ਼ਿਕਾ ਬਾਂਸਲ ਉਕਤ ਨੂੰ 5 ਲੱਖ 50 ਹਜ਼ਾਰ ਰੁਪਏ ਦੇ ਗਹਿਣੇ ਪਾਏ ਸਨ। ਵਿਆਹ ਮਗਰੋਂ ਯਸ਼ਿਕਾ ਬਾਂਸਲ ਮੁਦੱਈ ਦੇ ਘਰ ਵਿਚ ਖੁਸ਼ ਰਹਿੰਦੀ ਰਹੀ। ਪਿਛਲੀ 24 ਜੂਨ ਨੂੰ ਯਸ਼ਿਕਾ ਬਾਂਸਲ ਮੁਦੱਈ ਦੇ ਦਿੱਤੇ ਗਏ ਪੈਸਿਆਂ ਨਾਲ ਆਸਟ੍ਰੇਲੀਆ ਚਲੀ ਗਈ ਪਰ ਜਦੋਂ ਮੁਦੱਈ ਦਾ ਲੜਕਾ ਯਸ਼ਿਕਾ ਨੂੰ ਫੋਨ ਕਰਦਾ ਤਾਂ ਉਹ ਉਸ ਨਾਲ ਦੁਰ-ਵਿਵਹਾਰ ਕਰਦੀ ਅਤੇ ਉਸ ਦਾ ਪੇਕਾ ਪਰਿਵਾਰ ਵੀ ਇਕਦਮ ਬਦਲ ਗਿਆ, ਜਿਸ ਕਾਰਣ ਮੁਦੱਈ ਦਾ ਲੜਕਾ ਡਿਪ੍ਰੈਸ਼ਨ ਵਿਚ ਰਹਿਣ ਲੱਗਾ ਜੋ 16 ਜੁਲਾਈ ਨੂੰ ਬਿਨਾਂ ਕੁਝ ਪੁੱਛੇ/ਦੱਸੇ ਘਰੋਂ ਚਲਾ ਗਿਆ।
ਮੁਦੱਈ ਨੇ ਦੱਸਿਆ ਕਿ ਦੋਸ਼ਣ ਯਸ਼ਿਕਾ ਬਾਂਸਲ ਉਕਤ, ਸੁਨੀਲ ਬਾਂਸਲ, ਏਕਤਾ ਵਾਸੀਆਨ ਨਾਭਾ, ਅਜੈ ਕੁਮਾਰ ਅਤੇ ਪੂਜਾ ਵਾਸੀਆਨ ਧੂਰੀ ਨੇ ਮੁਦੱਈ ਦੇ ਲੜਕੇ ਅਨਮੋਲ ਗਰਗ ਨੂੰ ਆਪਣੀ ਲੜਕੀ ਦੇ ਨਾਲ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ ਠੱਗੀ ਮਾਰੀ ਹੈ। ਪੁਲਸ ਨੇ ਮੁਦੱਈ ਦੀ ਦਰਖਾਸਤ ਦੀ ਜਾਂਚ ਕਰਨ ਉਪਰੰਤ ਉਕਤ ਦੋਸ਼ੀਆਨ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

KamalJeet Singh

Content Editor

Related News