ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਪੁਲਸ ਕਾਂਸਟੇਬਲ ਨੇ ਮਾਰੀ 3 ਲੱਖ ਦੀ ਠੱਗੀ

04/30/2022 1:57:38 PM

ਭਵਾਨੀਗੜ (ਵਿਕਾਸ) : ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਵਿਅਕਤੀ ਨਾਲ 3 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਭਵਾਨੀਗੜ੍ਹ ਪੁਲਸ ਨੇ ਇੱਕ ਪੁਲਸ ਕਾਂਸਟੇਬਲ ਉਸਦੀ ਪਤਨੀ ਅਤੇ ਇੱਕ ਸਾਬਕਾ ਸਰਪੰਚ ਖ਼ਿਲਾਫ਼ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ। ਇਸ ਸਬੰਧੀ ਜਸਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਨੇ ਦੱਸਿਆ ਕਿ ਭਵਾਨੀਗੜ੍ਹ ਨੇੜਲੇ ਪਿੰਡ ਰਾਮਪੁਰਾ ਵਿਖੇ ਉਸਦੇ ਨਾਨਕੇ ਹਨ ਤੇ ਉਸਦਾ ਮਾਮਾ ਭਵਾਨੀਗੜ 'ਚ ਫਰਨੀਚਰ ਦੀ ਦੁਕਾਨ ਕਰਦਾ ਹੈ ਜਿਥੇ ਸਿਪਾਹੀ ਜਰਨੈਲ ਸਿੰਘ ਅਕਸਰ ਆਉਂਦਾ ਜਾਂਦਾ ਸੀ ਜਿਸ ਨਾਲ ਜਾਣ ਪਹਿਚਾਣ ਹੋ ਗਈ।

ਇਹ ਵੀ ਪੜ੍ਹੋ : ਸਿਹਤ ਵਿਭਾਗ ਦਾ ਕਲਰਕ ਰਿਸ਼ਵਤ ਲੈਂਦਾ ਰੰਗੇ ਹੱਥੀ ਫੜ੍ਹਿਆ

ਗੱਲਬਾਤ ਦੌਰਾਨ ਜਰਨੈਲ ਸਿੰਘ ਨੇ ਉਸਦੇ ਮਾਮੇ ਨੂੰ ਕਿਹਾ ਜੇਕਰ ਕਿਸੇ ਨੂੰ ਨੌਕਰੀ ’ਤੇ ਲਗਵਾਉਣਾ ਹੋਵੇ ਤਾਂ ਦੱਸ ਦੇਣਾ। ਜਿਸ ਤਹਿਤ ਜਸਵਿੰਦਰ ਸਿੰਘ ਨੂੰ ਪੁਲਸ ਵਿਭਾਗ ਦੇ ਨਾਰਕੋਟਿਕ ਸੈੱਲ 'ਚ ਨੌਕਰੀ ਲਗਵਾਉਣ ਦਾ ਭਰੋਸਾ ਦਿੱਤਾ ਤੇ ਜਰਨੈਲ ਸਿੰਘ ਨੂੰ 3 ਲੱਖ ਰੁਪਏ ਦੇਣ ਦੀ ਗੱਲਬਾਤ ਹੋ ਗਈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਚੰਡੀਗੜ੍ਹ ਬੱਸ ਅੱਡੇ ’ਤੇ ਲਿਜਾ ਕੇ ਉਸਨੂੰ ਪੁਲਸ ਦੀ ਬਿਜਾਏ ਨੈਸ਼ਨਲ ਸੈਂਪਲ ਸਰਵੇ ਆਫਿਸ ਦਿੱਲੀ ਦਾ ਆਰ.ਓ ਦੇ ਦਿੱਤਾ ਜਿਸ ਉਪਰੰਤ ਉਹ ਨੌਕਰੀ ਲੈਣ ਗਿਆ ਤਾਂ ਪਤਾ ਲੱਗਿਆ ਕਿ ਇਹ ਪੱਤਰ ਜਾਅਲੀ ਹੈ। ਇਸ ਸਬੰਧੀ ਗੱਲਬਾਤ ਕਰਨ 'ਤੇ ਜਰਨੈਲ ਸਿੰਘ, ਉਸ ਦੀ ਪਤਨੀ ਬਿੰਦਰ ਕੌਰ ਅਤੇ ਜਗਸੀਰ ਸਿੰਘ ਸਾਬਕਾ ਸਰਪੰਚ ਖੇੜੀ ਮਟੋਲ ਕਰਨ ਲੱਗ ਪਏ। ਪ੍ਰੇਸ਼ਾਨ ਹੁੰਦਿਆਂ ਜਸਵਿੰਦਰ ਸਿੰਘ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੇ ਮੋਬਾਈਲ ਨੰਬਰ 'ਤੇ ਇਸ ਸਬੰਧੀ ਸ਼ਿਕਾਇਤ ਭੇਜ ਕੇ ਇਨਸਾਫ਼ ਦੀ ਮੰਗ ਕੀਤੀ।

ਇਹ ਵੀ ਪੜ੍ਹੋ : 'ਨੇਤਾ ਜੀ ਸਤਿ ਸ੍ਰੀ ਅਕਾਲ' ’ਚ 'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ, ਸੁਣੋ ਤਿੱਖੇ ਸਵਾਲਾਂ ਦੇ ਜਵਾਬ

ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁੱਖ ਮੰਤਰੀ ਦਫ਼ਤਰ ਤੋਂ ਤਸਦੀਕ ਹੋਇਆ ਪੱਤਰ ਜ਼ਿਲ੍ਹਾ ਪੁਲਸ ਮੁਖੀ ਰਾਹੀਂ ਈ.ਓ ਵਿੰਗ ਕੋਲ ਆਇਆ ਤਾਂ ਪੁਲਸ ਨੇ ਸਮਝੌਤਾ ਕਰਵਾਉਂਦਿਆਂ ਜਰਨੈਲ ਸਿੰਘ ਦੀ ਪਤਨੀ ਬਿੰਦਰ ਕੌਰ ਦੇ ਬੈਂਕ ਖ਼ਾਤੇ ਦੇ ਇੱਕ-ਇੱਕ ਲੱਖ ਰੁਪਏ ਦੇ 3 ਚੈੱਕ ਲੱਖ ਅਤੇ ਖਰਚੇ ਦੀ ਭਰਪਾਈ ਕਰਨ ਦੇ ਲਈ ਇਕ 50 ਹਜ਼ਾਰ ਰੁਪਏ ਦਾ ਚੈੱਕ ਦਵਾ ਦਿੱਤੇ ਪਰ ਇਹ ਸਾਰੇ ਚੈੱਕ ਖਾਤੇ 'ਚ ਪੈਸੇ ਨਾ ਹੋਣ ਦੇ ਚੱਲਿਦਆਂ ਬਾਊਂਸ ਹੋ ਗਏ। ਜਸਵਿੰਦਰ ਸਿੰਘ ਨੇ ਮੁੜ ਪੁਲਸ ਕੋਲ ਸ਼ਿਕਾਇਤ ਕੀਤੀ ਤਾਂ ਮਾਮਲੇ ਸਬੰਧੀ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਸੀਨੀਅਰ ਸਿਪਾਹੀ ਜਰਨੈਲ ਸਿੰਘ, ਉਸਦੀ ਪਤਨੀ ਬਿੰਦਰ ਕੌਰ ਸਮੇਤ ਸਾਬਕਾ ਸਰਪੰਚ ਜਗਸੀਰ ਸਿੰਘ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News