ਕਿਸਾਨ ਨੂੰ ਝੋਨੇ ਦਾ ਘਟੀਆ ਬੀਜ ਦੇ ਕੇ ਹਜ਼ਾਰਾਂ ਦੀ ਕੀਤੀ ਠੱਗੀ
Saturday, Sep 22, 2018 - 02:22 AM (IST)

ਸੰਗਤ ਮੰਡੀ,(ਮਨਜੀਤ)- ਪਿੰਡ ਗੁਰੂਸਰ ਸੈਣੇਵਾਲਾ ਵਿਖੇ ਪਿੰਡ ਦੇ ਇਕ ਕਿਸਾਨ ਨੂੰ ਦੁਕਾਨਦਾਰ ਵਲੋਂ ਝੋਨੇ ਦਾ 6 ਏਕਡ਼ ਬੀਜ ਘਟੀਆ ਦੇ ਕੇ ਹਜ਼ਾਰਾਂ ਰੁਪਿਆ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਜਸਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਬਠਿੰਡਾ ਡੱਬਵਾਲੀ ਰੋਡ ’ਤੇ ਖ਼ੇਤੀਬਾਡ਼ੀ ਰਿਸਰਚ ਸੈਂਟਰ ਦੇ ਸਾਹਮਣੇ ਬਣੀ ਇਕ ਦੁਕਾਨ ਤੋਂ 6 ਏਕਡ਼ ਝੋਨੇ ਲਈ 212 ਕਿਸਮ ਦਾ ਬੀਜ ਖਰੀਦਿਆ ਸੀ ਪਰ ਝੋਨਾ ਸਮੇਂ ਤੋਂ ਪਹਿਲਾਂ ਹੀ ਨਿਸਰ ਗਿਆ। ਉਕਤ ਕਿਸਾਨ ਵਲੋਂ ਜਦ ਦੁਕਾਨਦਾਰ ਕੋਲ ਪਹੁੰਚ ਕੀਤੀ ਤਾਂ ਦੁਕਾਨ ਬੰਦ ਸੀ, ਜਦ ਕਿਸਾਨ ਨੇ ਦੁਕਾਨਦਾਰ ਵਲੋਂ ਬਿੱਲ ’ਤੇ ਦਿੱਤੇ ਮੋਬਾਇਲ ਨੰਬਰਾਂ ’ਤੇ ਸੰਪਰਕ ਕੀਤਾ ਗਿਆ ਤਾਂ ਉਹ ਵੀ ਬੰਦ ਆ ਰਹੇ ਹਨ। ਕਿਸਾਨ ਵਲੋਂ ਇਸ ਦੀ ਸ਼ਿਕਾਇਤ ਬਲਾਕ ਸੰਗਤ ਦੇ ਖ਼ੇਤੀਬਾਡ਼ੀ ਦਫ਼ਤਰ ਵਿਖੇ ਕੀਤੀ ਗਈ। ਕਿਸਾਨ ਨੇ ਦੱਸਿਆ ਕਿ ਉਸ ਦਾ ਝੋਨਾ ਸਮੇਂ ਤੋਂ ਪਹਿਲਾ ਗਰਮੀ ’ਚ ਹੀ ਪੱਕ ਚੁੱਕਾ ਹੈ ਜਿਸ ਕਾਰਨ ਉਸ ਦਾ ਝਾਡ਼ ਨਾਮਾਤਰ ਹੀ ਰਹਿ ਗਿਆ। ਉਸ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਘਟੀਆ ਬੀਜ ਦੇਣ ਵਾਲੇ ਦੁਕਾਨਦਾਰ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਜਦ ਇਸ ਸਬੰਧੀ ਬਲਾਕ ਸੰਗਤ ਦੇ ਖੇਤੀਬਾਡ਼ੀ ਅਫ਼ਸਰ ਡਾ. ਅਮਨਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕਿਸਾਨ ਦੇ ਖ਼ੇਤਾਂ ਦਾ ਦੌਰਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਕਿਸਾਨ ਦੇ ਕਹਿਣ ਮੁਤਾਬਕ ਉਨ੍ਹਾਂ ਝੋਨੇ ਦੀ 212 ਕਿਸਮ ਖ਼ੇਤ ’ਚ ਲਾਈ ਗਈ ਹੈ ਪ੍ਰੰਤੂ ਇਹ ਕਿਸਮ ਪੀ.ਏ.ਯੂ. ਵਲੋਂ ਮਾਨਤਾ ਪ੍ਰਾਪਤ ਹੀ ਨਹੀਂ ਹੈ। ਉਨ੍ਹਾਂ ਇਸ ਦੀ ਰਿਪੋਰਟ ਬਣਾ ਕੇ ਜ਼ਿਲਾ ਖ਼ੇਤੀਬਾਡ਼ੀ ਨੂੰ ਭੇਜ ਦਿੱਤੀ ਹੈ।