ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਮ੍ਰਿਤਕ ਭਰਾ ਦੀ ਹਡ਼ੱਪੀ ਲੱਖਾਂ ਦੀ ਕੋਠੀ

03/11/2020 1:58:20 PM

ਮੋਗਾ (ਆਜ਼ਾਦ)–ਜ਼ਿਲੇ ਦੇ ਪਿੰਡ ਠੱਠੀ ਭਾਈ ਨਿਵਾਸੀ ਸ਼ਿੰਗਾਰਾ ਸਿੰਘ ਹਾਲ ਆਬਾਦ ਕੈਨੇਡਾ ਵੱਲੋਂ ਆਪਣੇ ਵੱਡੇ ਭਰਾ, ਜਿਸ ਦੀ ਮੌਤ ਹੋ ਚੁੱਕੀ ਹੈ, ਦੀ ਲੱਖਾਂ ਰੁਪਏ ਦੀ ਕੋਠੀ ਮਾਲ ਵਿਭਾਗ ਅਤੇ ਹੋਰ ਲੋਕਾਂ ਨਾਲ ਕਥਿਤ ਮਿਲੀਭੁਗਤ ਕਰ ਕੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਹਡ਼ੱਪਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਰਜਿਸਟਰੀ ਆਪਣੇ ਸਕੇ ਭਾਣਜੇ ਦੇ ਨਾਂ ਕਰਵਾ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰ ਕੇ ਕਥਿਤ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ: ਜ਼ਿਲਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਹਰਜੀਤ ਕੌਰ ਖਰਡ਼ ਪਤਨੀ ਮੁਖਤਿਆਰ ਸਿੰਘ ਨਿਵਾਸੀ ਪਿੰਡ ਠੱਠੀ ਭਾਈ ਹਾਲ ਆਬਾਦ ਕੈਨੇਡਾ ਨੇ ਕਿਹਾ ਕਿ ਉਸ ਦੇ ਪਤੀ ਦੇ ਨਾਂ ’ਤੇ ਮੈਜਿਸਟਿਕ ਰੋਡ ਮੋਗਾ ’ਤੇ ਜੰਡੂ ਵਾਲੀ ਗਲੀ ’ਚ ਲੱਖਾਂ ਰੁਪਏ ਦੀ ਇਕ ਕੋਠੀ ਹੈ, ਜਿਸ ਨੂੰ ਮੇਰੇ ਪਤੀ ਦੇ ਛੋਟੇ ਭਰਾ ਨੇ ਜਾਅਲੀ ਵਸੀਅਤ ਤਿਆਰ ਕਰ ਕੇ ਆਪਣੇ ਨਾਂ ਕਰਵਾ ਲਿਆ ਅਤੇ ਮੇਰੇ ਨਾਲ ਧੋਖਾ ਕੀਤਾ ਹੈ। ਪੀਡ਼ਤਾ ਨੇ ਕਿਹਾ ਕਿ ਉਸ ਦਾ ਵਿਆਹ 6 ਜੂਨ, 1983 ’ਚ ਮੁਖਤਿਆਰ ਸਿੰਘ ਨਾਲ ਹੋਇਆ ਸੀ, ਮੇਰੇ ਪਤੀ ਮੁਖਤਿਆਰ ਸਿੰਘ ਦੇ ਇਲਾਵਾ ਉਸ ਦੇ ਤਿੰਨ ਭਰਾ ਸ਼ਿੰਗਾਰਾ ਸਿੰਘ, ਜਸਵੰਤ ਸਿੰਘ ਅਤੇ ਗੁਰਮੇਲ ਸਿੰਘ ਹਨ। ਮੇਰੇ ਪਤੀ ਦੀ ਮੌਤ 5 ਜਨਵਰੀ, 2016 ਨੂੰ ਕੈਨੇਡਾ ’ਚ ਹੋ ਗਈ ਸੀ, ਜਦਕਿ ਮੇਰੇ ਪਤੀ ਦੇ ਇਕ ਭਰਾ ਜਸਵੰਤ ਸਿੰਘ ਦੀ ਮੌਤ ਵੀ 2016 ’ਚ ਹੋ ਗਈ ਸੀ। ਮੇਰੀ ਇਕ ਨਨਾਣ ਦਾ ਵਿਆਹ ਪਿੰਡ ਰੌਂਤਾ ’ਚ ਹੋਇਆ ਹੈ। ਮੇਰੇ ਪਤੀ ਨੇ ਆਪਣੇ ਭਰਾ ਸ਼ਿੰਗਾਰਾ ਸਿੰਘ ਦੇ ਨਾਂ ’ਤੇ ਕੋਈ ਵਸੀਅਤ ਨਹੀਂ ਕਰਵਾਈ ਸੀ ਅਤੇ ਉਸ ਨੇ ਮੇਰੇ ਨਾਂ ਹੀ ਵਸੀਅਤ ਕਰਵਾਈ ਸੀ। ਮੇਰੇ ਪਤੀ ਨੇ ਆਪਣੀ ਮੌਤ ਤੋਂ ਪਹਿਲਾਂ 30 ਦਸੰਬਰ, 2015 ਨੂੰ ਇਕ ਵਸੀਅਤ ਤਿਆਰ ਕਰਵਾਈ, ਜਿਸ ’ਚ ਉਸ ਨੇ ਲਿਖਿਆ ਸੀ ਕਿ ਮੈਂ ਹੁਣ ਤੱਕ ਜੋ ਵੀ ਵਸੀਅਤ ਇੰਡੀਆ ’ਚ ਜੇਕਰ ਕੋਈ ਕਰਵਾਈ ਹੈ, ਉਸ ਨੂੰ ਰੱਦ ਸਮਝਿਆ ਜਾਵੇ, ਜਿਸ ’ਚ ਉਸ ਨੇ ਇਹ ਵੀ ਜ਼ਿਕਰ ਕੀਤਾ ਕਿ ਉਸ ਦਾ ਭਰਾ ਸ਼ਿੰਗਾਰਾ ਸਿੰਘ ਉਸ ਨੂੰ ਬਲੈਕਮੇਲ ਕਰ ਰਿਹਾ ਹੈ ਅਤੇ ਮੇਰੇ ਹਸਤਾਖਰਾਂ ਦਾ ਗਲਤ ਉਪਯੋਗ ਕਰ ਸਕਦਾ ਹੈ। ਮੇਰਾ ਭਰਾ ਸ਼ਿੰਗਾਰਾ ਸਿੰਘ ਮੇਰੀ ਜਾਇਦਾਦ ਅਤੇ ਬੈਂਕ ’ਚ ਪਏ ਪੈਸੇ ਹਡ਼ੱਪਣਾ ਚਾਹੁੰਦਾ ਹੈ, ਪੀਡ਼ਤਾ ਨੇ ਕਿਹਾ ਕਿ ਸ਼ਿੰਗਾਰਾ ਸਿੰਘ ਮਾਰਚ 2019 ਨੂੰ ਪੰਜਾਬ ਆਇਆ ਅਤੇ ਉਸ ਨੇ ਆਪਣੇ ਭਾਣਜੇ ਹਰਜੀਤ ਸਿੰਘ ਟੁਟੇਜਾ ਨਿਵਾਸੀ ਪਿੰਡ ਰੌਂਤਾ ਤੋਂ ਇਲਾਵਾ ਮਾਲ ਪਟਵਾਰੀ ਅਤੇ ਮਾਲ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਕਰ ਕੇ ਇਕ ਜਾਅਲੀ ਵਸੀਅਤ ਤਿਆਰ ਕਰਵਾਈ। ਉਕਤ ਵਸੀਅਤ ਦੇ ਆਧਾਰ ’ਤੇ ਉਹ ਉਕਤ ਕੋਠੀ ਦਾ ਵਾਰਿਸ ਬਣ ਬੈਠਾ, ਜਦਕਿ ਜਾਅਲੀ ਵਸੀਅਤ ’ਤੇ ਮੇਰੇ ਪਤੀ ਦੇ ਹਸਤਾਖਰ ਨਹੀਂ ਹੋਏ ਅਤੇ ਇਸ ਤਰ੍ਹਾਂ ਉਸ ਨੇ ਪਟਵਾਰੀ ਨਾਲ ਮਿਲ ਕੇ ਗਲਤ ਕੁਰਸੀਨਾਮਾ ਤਿਆਰ ਕਰਵਾਇਆ ਅਤੇ ਵਾਰਿਸ ਬਣਨ ਤੋਂ ਬਾਅਦ ਇੰਤਕਾਲ ਦਰਜ ਕਰਵਾ ਲਿਆ ਅਤੇ ਉਸ ਨੇ ਆਪਣੇ ਭਾਣਜੇ ਹਰਜੀਤ ਸਿੰਘ ਟੁਟੇਜਾ ਦੇ ਨਾਂ ’ਤੇ 9 ਅਪ੍ਰੈਲ, 2019 ਨੂੰ ਰਜਿਸਟਰੀ ਕਰਵਾ ਦਿੱਤੀ।

ਇਹ ਵੀ ਪੜ੍ਹੋ: ਜੈਤੋ 'ਚ ਚੋਰਾਂ ਦੇ ਹੌਂਸਲੇ ਬੁਲੰਦ, ਮੰਦਰ ਨੂੰ ਬਣਾਇਆ ਨਿਸ਼ਾਨਾ (ਵੀਡੀਓ)

ਕੀ ਹੋਈ ਪੁਲਸ ਕਾਰਵਾਈ: ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਕ੍ਰਾਈਮ ਵੱਲੋਂ ਕੀਤੀ ਗਈ। ਜਾਂਚ ਤੋਂ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਹਰਜੀਤ ਕੌਰ ਖਰਡ਼ ਪਤਨੀ ਮੁਖਤਿਆਰ ਸਿੰਘ ਦੇ ਬਿਆਨਾਂ ’ਤੇ ਥਾਣਾ ਸਿਟੀ ਮੋਗਾ ’ਚ ਸ਼ਿੰਗਾਰਾ ਸਿੰਘ ਅਤੇ ਉਸ ਦੇ ਭਾਣਜੇ ਹਰਜੀਤ ਸਿੰਘ ਟੁਟੇਜਾ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਨੇ ਜਾਂਚ ’ਚ ਲਿਖਿਆ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਉਕਤ ਮਾਮਲੇ ’ਚ ਕਥਿਤ ਮਿਲੀਭੁਗਤ ਸਬੰਧੀ ਡਿਪਟੀ ਕਮਿਸ਼ਨਰ ਮੋਗਾ ਨੂੰ ਭੇਜਿਆ ਜਾ ਰਿਹਾ ਹੈ। ਜੇਕਰ ਕਿਸੇ ਮਾਲ ਅਧਿਕਾਰੀ ਦੀ ਇਸ ’ਚ ਸ਼ਮੂਲੀਅਤ ਪਾਈ ਗਈ ਤਾਂ ਉਹ ਆਪਣੇ ਤੌਰ ’ਤੇ ਅਗਲੇਰੀ ਕਾਰਵਾਈ ਕਰਨਗੇ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਗੁਰਜਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਕਥਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ।

ਇਹ ਵੀ ਪੜ੍ਹੋ: ਬੇਰੁਜ਼ਗਾਰ ਅਧਿਆਪਕਾਂ ਨੇ ਮਨਾਈ ਕਾਲੀ ਹੋਲੀ, ਪੰਜਾਬ ਸਰਕਾਰ ਦਾ ਫੂਕਿਆ ਪੁਤਲਾ


Shyna

Content Editor

Related News