ਠੱਗੀ ਦਾ ਨਵਾਂ ਤਰੀਕਾ: ਨੌਕਰ ਨੇ ਕੀਤੀ ਮਾਲਕ ਨਾਲ ਲੱਖਾਂ ਦੀ ਠੱਗੀ, ਜਾਂਚ ਜਾਰੀ

01/13/2020 1:05:11 PM

ਮੰਡੀ ਗੋਬਿੰਦਗੜ੍ਹ (ਮੱਗੋ): ਸਥਾਨਕ ਮੋਤੀਆ ਖਾਨ ਸਥਿਤ ਈਸ਼ਾ ਕੰਪਲੈਕਸ 'ਚ ਈਸ਼ਾ ਸਟੀਲ ਰੋਲਿੰਗ ਮਿੱਲ ਦੇ ਮਾਲਕ ਕੌਸ਼ਲ ਮਿਸ਼ਰਾ ਨੇ ਸਥਾਨਕ ਪੁਲਸ ਨੂੰ ਇਕ ਸ਼ਿਕਾਇਤ ਦੇ ਕੇ ਉਸ ਨਾਲ ਹੋਈ ਲੱਖਾਂ ਦੀ ਠੱਗੀ ਦਾ ਪਰਦਾਫਾਸ਼ ਕਰ ਦਿੱਤਾ ਹੈ, ਜਿਸ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੌਸ਼ਲ ਮਿਸ਼ਰਾ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਕਾਨਪੁਰ ਤੇ ਲਖਨਊ ਸਮੇਤ ਕਈ ਥਾਵਾਂ ਤੋਂ ਲੋਹਾ ਸਕਰੈਪ ਮੰਗਵਾਉਣ ਦਾ ਕਾਰੋਬਾਰ ਕਰਦੇ ਹਨ, ਜਿਸ ਲਈ ਉਨ੍ਹਾਂ ਦੇ ਦਫ਼ਤਰ 'ਚ ਕਰੀਬ ਅੱਧੀ ਦਰਜਨ ਨੌਕਰ ਕੰਮ ਕਰਦੇ ਹਨ, ਜਿਨ੍ਹਾਂ 'ਚੋਂ ਇਕ ਨੌਕਰ ਦੀ ਡਿਊਟੀ ਬਾਹਰ ਤੋਂ ਆਉਣ ਵਾਲੇ ਟਰੱਕਾਂ ਨੂੰ ਕਿਰਾਇਆ, ਐਡਵਾਂਸ ਤੇ ਮਾਲ ਦੇ ਭਾਰ ਆਦਿ ਦਾ ਹਿਸਾਬ ਕਰ ਕੇ ਕਿਰਾਇਆ ਆਦਿ ਕਰਨਾ ਸੀ।

ਉਕਤ ਨੌਕਰ ਬਾਹਰੋਂ ਆਉਣ ਵਾਲੇ ਟਰੱਕਾਂ ਨੂੰ ਕਾਨਪੁਰ ਆਦਿ 'ਚ ਅਦਾ ਕੀਤੇ ਗਏ ਐਡਵਾਂਸ 'ਚ ਕਮੀ ਕਰ ਕੇ ਉਨ੍ਹਾਂ ਨੂੰ ਜ਼ਿਆਦਾ ਚੈੱਕ ਅਦਾ ਕਰ ਦਿੰਦਾ ਸੀ, ਜਿਸ ਦੇ ਬਦਲੇ ਟਰੱਕ 'ਚ ਭਾਰ ਵਿਚ ਕਮੀ ਨੂੰ ਅਣਦੇਖਾ ਕਰ ਕੇ ਕਿਰਾਏ 'ਚ ਵੀ ਵਾਧਾ ਕਰ ਦਿੰਦਾ ਸੀ। ਇਸ ਤਰ੍ਹਾਂ ਇਹ ਨੌਕਰ ਉਨ੍ਹਾਂ ਨੂੰ ਜ਼ਿਆਦਾ ਰਾਸ਼ੀ ਦਾ ਚੈੱਕ ਕੱਟ ਦਿੰਦਾ ਸੀ ਤੇ ਅਦਾ ਕੀਤੀ ਗਈ ਜ਼ਿਆਦਾ ਰਾਸ਼ੀ ਦੇ ਪੈਸੇ ਖੁਦ ਬੈਂਕ ਤੋਂ ਟਰੱਕ ਡਰਾਈਵਰਾਂ ਰਾਹੀਂ ਵਾਪਸ ਲੈ ਲੈਂਦਾ ਸੀ, ਜਿਸ ਦੀ ਭਿਣਕ ਲੱਗਣ 'ਤੇ ਜਦੋ ਕੌਸ਼ਲ ਮਿਸ਼ਰਾ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਸਿਰਫ਼ ਇਕ ਮਹੀਨੇ 'ਚ ਹੀ ਕਰੀਬ 5 ਲੱਖ ਦੇ ਗਬਨ ਦਾ ਖੁਲਾਸਾ ਹੋਇਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਆਪਣੇ ਪੱਧਰ 'ਤੇ ਜਾਂਚ ਕਰਨ ਲਈ ਸੀ. ਏ. ਦੀ ਡਿਊਟੀ ਲਾਈ ਹੈ ਤੇ ਇਸ ਗਬਨ ਦੀ ਰਾਸ਼ੀ ਲੱਖਾਂ ਤੱਕ ਪਹੁੰਚ ਚੁੱਕੀ ਹੈ। ਇਸ ਮਾਮਲੇ ਦੀ ਲਿਖਤੀ ਜਾਣਕਾਰੀ ਸਥਾਨਕ ਪੁਲਸ ਨੂੰ ਦੇ ਦਿੱਤੀ ਗਈ ਹੈ। ਵਰਣਨਯੋਗ ਹੈ ਕਿ ਉਕਤ ਠੱਗ ਨੇ ਠੱਗੀ ਦੇ ਪੈਸੇ ਨਾਲ ਆਪਣੀ ਮਾਂ, ਬਾਪ ਤੇ ਭੈਣ ਨੂੰ ਆਸਟ੍ਰੇਲੀਆ ਭੇਜ ਦਿੱਤਾ, ਜਦੋਂ ਕਿ ਆਪਣਾ ਮਕਾਨ ਵੀ ਨਵਾਂ ਬਣਵਾ ਲਿਆ। ਵਰਣਨਯੋਗ ਹੈ ਕਿ ਮੁਲਜ਼ਮ 'ਤੇ ਪਹਿਲਾਂ ਵੀ ਇਕ ਅਪਰਾਧਕ ਮੁਕੱਦਮਾ ਦਰਜ ਹੈ ਤੇ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।


Shyna

Content Editor

Related News