ਦਹਿਸ਼ਤ: ਕਿਤੇ ਚੱਲੀ ਗੋਲੀ ਤਾਂ ਕਿਸੇ ਦਾ ਮੋਬਾਇਲ ਤੇ ਕਿਸੇ ਦੀ ਖੋਹੀ ਨਕਦੀ
Monday, May 30, 2022 - 05:41 PM (IST)
ਲੁਧਿਆਣਾ (ਗੌਤਮ) : ਸ਼ਹਿਰ 'ਚ ਦਿਨੋ-ਦਿਨ ਵੱਧ ਰਹੇ ਅਪਰਾਧ ਕਾਰਨ ਆਮ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਸਮਾਜ ਵਿਰੋਧੀ ਅਨਸਰਾਂ ਨੇ ਐਤਵਾਰ ਨੂੰ ਕਿਤੇ ਗੋਲੀ ਚਲਾ ਕੇ ਦਹਿਸ਼ਤ ਫੈਲਾਈ, ਕਿਤੇ ਕਿਸੇ ਦਾ ਮੋਬਾਇਲ ਖੋਹ ਲਿਆ ਤੇ ਕਿਸੇ ਨੇ ਨਕਦੀ ਲੁੱਟ ਲਈ ਤਾਂ ਕਿਸੇ ਦਾ ਮੋਟਰਸਾਈਕਲ ਚੋਰੀ ਕਰ ਲਿਆ। ਥਾਣਾ ਸਰਾਭਾ ਨਗਰ ਦੀ ਪੁਲਸ ਨੇ ਅਮਨ ਸ਼ਰਮਾ ਵਾਸੀ ਪਿੰਕ ਪਾਰਕ ਬੱਡੇਵਾਲ ਰੋਡ ਖ਼ਿਲਾਫ਼ ਦਹਿਸ਼ਤ ਫੈਲਾਉਣ ਲਈ ਗੋਲੀ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲਸ ਅਨੁਸਾਰ ਇਲਾਕੇ ਦੇ ਕਿਸੇ ਵਿਅਕਤੀ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਇਲਾਕੇ 'ਚ ਦਹਿਸ਼ਤ ਫੈਲਾਉਣ ਲਈ ਕਿਸੇ ਨੇ ਫਾਇਰਿੰਗ ਕੀਤੀ ਹੈ। ਜਦੋਂ ਪੁਲਸ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਕਤ ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋਸ਼ੀ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ, ਫਿਲਹਾਲ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਇਹ ਵੀ ਪੜ੍ਹੋ : ਸਰਹੱਦ ਪਾਰ: 2 ਭੈਣਾਂ ਦੇ ਅਗਵਾ ਤੋਂ ਗੁੱਸੇ ’ਚ ਆਏ ਕਬੀਲੇ ਦੇ ਲੋਕਾਂ ਨੇ ਦੂਜੇ ਕਬੀਲੇ ਦੇ 10 ਘਰਾਂ ਨੂੰ ਲਗਾਈ ਅੱਗ
ਮੋਬਾਇਲ ਖੋਹਿਆ: ਥਾਣਾ ਮੋਤੀ ਨਗਰ ਦੀ ਪੁਲਸ ਨੇ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਦੇ ਬਿਆਨ ’ਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੋਬਾਇਲ ਖੋਹਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿੱਚ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ 'ਤੇ ਜਾ ਰਿਹਾ ਸੀ ਤਾਂ ਦੁਪਹਿਰ ਵੇਲੇ ਮੋਟਰਸਾਈਕਲ 'ਤੇ ਸਵਾਰ 3 ਵਿਅਕਤੀਆਂ ਨੇ ਉਸ ਨੂੰ ਰੋਕਿਆ ਅਤੇ ਡਰਾ-ਧਮਕਾ ਕੇ ਉਸ ਦਾ ਮੋਬਾਇਲ ਖੋਹ ਲਿਆ। ਦੋਸ਼ੀ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਰਾਰ ਹੋ ਗਏ। ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਪਿੰਡ ਨੀਚੀ ਮੰਗਲੀ ਦੇ ਰਹਿਣ ਵਾਲੇ ਗਣੇਸ਼ ਕੁਮਾਰ ਦੇ ਬਿਆਨ ’ਤੇ ਅਣਪਛਾਤੇ ਖ਼ਿਲਾਫ਼ ਉਸ ਦਾ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨ ਵਿੱਚ ਉਸ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਫੈਕਟਰੀ ਗਿਆ ਸੀ, ਜਦੋਂ ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਗਾਇਬ ਸੀ।
ਇਹ ਵੀ ਪੜ੍ਹੋ : ਪਰਿਵਾਰ ਦੀ ਸਹਿਮਤੀ ਮਗਰੋਂ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਜਾਰੀ, ਵੇਖੋ ਮੌਕੇ ਦੀਆਂ ਤਸਵੀਰਾਂ
ਚੋਰੀ ਦੇ ਦੋਸ਼ 'ਚ ਕਾਬੂ: ਥਾਣਾ ਮੇਹਰਬਾਨ ਦੀ ਪੁਲਸ ਨੇ ਬਿਜਲੀ ਦੇ ਖੰਭਿਆਂ ਤੋਂ ਤਾਰਾਂ ਤੇ ਹੋਰ ਸਾਮਾਨ ਚੋਰੀ ਕਰਨ ਦੇ ਦੋਸ਼ ਵਿੱਚ ਮੁਲਜ਼ਮ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਕੋਲੋਂ ਬਿਜਲੀ ਦੀ ਲੋਹੇ ਦੀ ਤਾਰ ਅਤੇ ਹੋਰ ਸਮਾਨ ਬਰਾਮਦ ਕਰ ਲਿਆ ਹੈ। ਏ.ਐੱਸ.ਆਈ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਉਕਤ ਮੁਲਜ਼ਮ ਇਲਾਕੇ 'ਚ ਲੱਗੇ ਬਿਜਲੀ ਦੇ ਖੰਭਿਆਂ ਤੋਂ ਸਾਮਾਨ ਚੋਰੀ ਕਰ ਰਿਹਾ ਹੈ, ਜਿਸ 'ਤੇ ਪੁਲਸ ਨੇ ਕਾਰਵਾਈ ਕਰਦਿਆਂ ਦੋਸ਼ੀ ਨੂੰ ਉਸ ਸਮੇਂ ਕਾਬੂ ਕਰ ਲਿਆ, ਜਦੋਂ ਉਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸੀ। ਪੁਲਸ ਦੋਸ਼ੀ ਤੋਂ ਪੁੱਛਗਿਛ ਕਰ ਰਹੀ ਹੈ।