ਲੁਧਿਆਣਾ ''ਚ ਫ਼ਾਇਰਿੰਗ! ਫਲੈਟ ਦੇ ਬਾਹਰ ਖੜੀ ਗੱਡੀ ''ਤੇ ਮਿਲੇ ਨਿਸ਼ਾਨ

Monday, Apr 13, 2026 - 06:32 PM (IST)

ਲੁਧਿਆਣਾ ''ਚ ਫ਼ਾਇਰਿੰਗ! ਫਲੈਟ ਦੇ ਬਾਹਰ ਖੜੀ ਗੱਡੀ ''ਤੇ ਮਿਲੇ ਨਿਸ਼ਾਨ

ਲੁਧਿਆਣਾ (ਰਾਜ): ਮਹਾਨਗਰ ਵਿਚ ਬਦਮਾਸ਼ਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਹੁਣ ਰਿਹਾਇਸ਼ੀ ਇਲਾਕਿਆਂ ਵਿਚ ਵੀ ਗੋਲੀਆਂ ਚੱਲਣ ਲੱਗੀਆਂ ਹਨ। ਤਾਜ਼ਾ ਮਾਮਲਾ ਇਕ ਫਲੈਟ ਦੇ ਬਾਹਰ ਖੜੀ ਕਾਰ ਨੂੰ ਨਿਸ਼ਾਨਾ ਬਣਾਉਣ ਦਾ ਸਾਹਮਣੇ ਆਇਆ ਹੈ, ਜਿੱਥੇ ਅਣਪਛਾਤੇ ਹਮਲਾਵਰ ਨੇ ਸਵਿਫਟ ਕਾਰ 'ਤੇ ਸ਼ਰੇਆਮ ਗੋਲ਼ੀ ਚਲਾ ਦਿੱਤੀ। ਇਸ ਘਟਨਾ ਦੇ ਬਾਅਦ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਥਾਣਾ ਮਾਡਲ ਟਾਊਨ ਦੀ ਪੁਲਸ ਮਾਮਲੇ ਦੀ ਤਫਤੀਸ਼ ਵਿਚ ਜੁੱਟ ਗਈ ਹੈ।

ਸ਼ਿਕਾਇਤਕਰਤਾ ਦੀਪਕ ਕੁਮਾਰ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਬੀਤੀ 12 ਅਪ੍ਰੈਲ ਨੂੰ ਉਹ ਆਪਣੇ ਫਲੈਟ 'ਤੇ ਮੌਜੂਦ ਸੀ। ਕੁਝ ਸਮੇਂ ਬਾਅਦ ਉਹ ਆਪਣੇ ਦੋਸਤਾਂ ਦੇ ਨਾਲ ਉਨ੍ਹਾਂ ਦੀ ਗੱਡੀ ਵਿਚ ਸਵਾਰ ਹੋ ਕੇ ਕਿਸੇ ਨਿੱਜੀ ਕੰਮ ਦੇ ਸਿਲਸਿਲੇ ਵਿਚ ਬਾਹਰ ਚਲਾ ਗਿਆ। ਇਸ ਦੌਰਾਨ ਉਸ ਦੀ ਚਿੱਟੇ ਰੰਗ ਦੀ ਸਵਿਫਟ ਗੱਡੀ (ਨੰਬਰ: PB23X-0212) ਫਲੈਟ ਦੇ ਬਾਹਰ ਹੀ ਪਾਰਕ ਸੀ।

ਜਦੋਂ ਪੀੜਤ ਆਪਣੇ ਦੋਸਤਾਂ ਦੇ ਨਾਲ ਕੰਮ ਨਬੇੜ ਕੇ ਵਾਪਸ ਪਰਤਿਆ, ਤਾਂ ਗੱਡੀ ਦੀ ਹਾਲਤ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਵੇਖਿਆ ਕਿ ਉਸ ਦੀ ਕਾਰ ਦੇ ਬੋਨਟ 'ਤੇ ਸੱਜੇ ਪਾਸੇ ਹੈੱਡਲਾਈਟ ਦੇ ਕੋਲ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀ ਚਲਾਈ ਹੋਈ ਸੀ। ਗੋਲੀ ਲੱਗਣ ਦੇ ਕਾਰਨ ਕਾਰ ਦੇ ਬੋਨਟ 'ਤੇ ਸਾਫ ਨਿਸ਼ਾਨ ਮੌਜੂਦ ਸੀ। ਜਦੋਂ ਪੀੜਤ ਅਤੇ ਉਸ ਦੇ ਦੋਸਤਾਂ ਨੇ ਮੌਕੇ ਦਾ ਮੁਆਇਨਾ ਕੀਤਾ, ਤਾਂ ਉਨ੍ਹਾਂ ਨੂੰ ਗੱਡੀ ਦੇ ਕੋਲ ਹੀ ਇਕ ਚੱਲਿਆ ਹੋਇਆ ਕਾਰਤੂਸ ਵੀ ਬਰਾਮਦ ਹੋਇਆ। ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਜੁਟਾਏ ਅਤੇ ਪੁਲਸ ਹੁਣ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦਾ ਪਤਾ ਲਗਾਇਆ ਜਾ ਸਕੇ।


author

Anmol Tagra

Content Editor

Related News