ਫੈਂਡਰੇਸ਼ਨ ਆਫ ਆੜ੍ਹਤੀ ਐਸ਼ੋਸੀਏਸ਼ਨ ਨੇ ਕਿਸਾਨਾਂ ਨਾਲ ਧਰਨਿਆਂ ''ਚ ਸ਼ਾਮਲ ਹੋਣ ਦਾ ਲਿਆ ਵੱਡਾ ਤੇ ਅਹਿਮ ਫ਼ੈਸਲਾ

12/03/2020 12:31:57 PM

ਦਿੜ੍ਹਬਾ ਮੰਡੀ (ਅਜੈ): ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਨੇ ਕੇਂਦਰ ਸਰਕਾਰ ਵਲੋਂ ਕਿਸਾਨਾਂ 'ਤੇ ਥੋਪੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਸੂਬੇ ਦੇ ਕਿਸਾਨਾਂ ਨਾਲ ਧਰਨਿਆਂ 'ਚ ਸ਼ਾਮਲ ਹੋਣ ਦਾ ਅਹਿਮ ਤੇ ਵੱਡਾ ਫ਼ੈਸਲਾ ਕੀਤਾ ਗਿਆ ਹੈ। ਦਿੜ੍ਹਬਾ ਵਿਖੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਸਮਰਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਦੱਸਿਆ ਗਿਆ ਕਿ ਫੈਡਰੇਸ਼ਨ ਵਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ ਕਿ ਸੰਗਰੂਰ ਜ਼ਿਲ੍ਹੇ ਦੀ ਸਮੁੱਚੀ ਟੀਮ ਅਤੇ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਦੇ ਪ੍ਰਧਾਨ ਦਿੱਲੀ ਜਾਣਗੇ ਅਤੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਮਰਾ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਵੀ ਇਸ ਸੰਘਰਸ਼ 'ਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗੀ। ਉਨ੍ਹਾਂ ਅਜਿਹੇ ਕਾਲੇ ਕਾਨੂੰਨਾਂ ਦੀ ਸਖ਼ਤ ਸਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਗਿਆ ਹੈ ਕਿ ਜਦੋਂ ਕਂੇਦਰ ਸਰਕਾਰ ਵਲੋਂ ਕੋਈ ਕਾਨੂੰਨ ਲਾਗੂ ਕੀਤਾ ਜਾਂਦਾ ਹੈ ਉਦੋਂ ਸੀਜਨ ਚੱਲ ਰਿਹਾ ਹੁੰਦਾ ਹੈ। ਨੋਟਬੰਦੀ ਵੀ ਅਕਤੂਬਰ ਨਵੰਬਰ 'ਚ ਕੀਤੀ ਗਈ ਅਤੇ ਖੇਤੀ ਕਾਨੂੰਨ ਵੀ ਹੁਣ ਲਾਗੂ ਕੀਤੇ ਗਏ। ਜਿਹੜੇ ਹਰ ਹਾਲ 'ਚ ਕੇਂਦਰ ਸਰਕਾਰ ਨੂੰ ਵਾਪਸ ਲੈਣੇ ਪੈਣਗੇ। ਆੜਤੀਆਂ ਐਸੋਸੀਏਸ਼ਨ ਦਿੜ੍ਹਬਾ ਦੇ ਪ੍ਰਧਾਨ ਸਤਨਾਮ ਸਿੰਘ ਘੁਮਾਣ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਿਨਾਂ ਸੋਚ ਸਮਝ ਕੇ ਅਜਿਹੇ ਫ਼ੈਸਲੇ ਕੀਤੇ ਜਾ ਰਹੇ ਹਨ। ਜਿਨ੍ਹਾਂ ਦਾ ਦੇਸ਼ ਦੀ ਆਰਥਿਕਤਾ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।

ਮਾਮਲਾ ਚਾਹੇ ਨੋਟਬੰਦੀ ਦਾ ਹੋਵੇ ਜਾਂ ਖੇਤੀ ਕਾਨੂੰਨਾਂ ਦਾ ਇਸ ਨਾਲ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਤੋ ਇਲਾਵਾ ਸੂਬੇ ਦੇ ਹਰੇਕ ਵਰਗ ਨੂੰ ਨੁਕਸਾਨ ਝੱਲਣਾ ਪਿਆ ਹੈ। ਸਰਕਾਰ ਦੇ ਇਨ੍ਹਾਂ ਗਲ਼ਤ ਫੈਸਲਿਆਂ ਨੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਜੇਕਰ ਸਰਕਾਰ ਨੇ ਆਪਣਾ ਇਹ ਗਲ਼ਤ ਫੈਸਲਾ ਵਾਪਸ ਨਾ ਲਿਆ ਤਾਂ ਇਸ ਦੇ ਬਹੁਤ ਮਾੜੇ ਨਤੀਜੇ ਸਾਹਮਣੇ ਆਉਣਗੇ। ਇਸ ਮੌਕੇ ਵੱਡੀ ਗਿਣਤੀ ਆੜਤੀਆਂ ਤੋਂ ਇਲਾਵਾ ਪ੍ਰਧਾਨ ਸਤਨਾਮ ਸਿੰਘ ਘੁਮਾਣ, ਰਿਸੀਪਾਲ ਗੋਇਲ, ਕੀਮਤ ਗਰਗ, ਰੂਪ ਚੰਦ ਸਿੰਗਲਾ, ਮੰਗਤ ਰਾਏ ਸਿੰਗਲਾ ਆਦਿ ਹਾਜ਼ਰ ਸਨ।


Shyna

Content Editor

Related News