ਪਿਓ-ਪੁੱਤ ਦੇ ਟੈਂਕੀ ’ਤੇ ਚੜ੍ਹ ਜਾਣ ਨਾਲ ‘ਈਨਾ ਬਾਜਵਾ’ ਇਕ ਵਾਰ ਫਿਰ ਸੁਰਖੀਆਂ ’ਚ, ਪੁਲਸ ’ਤੇ ਲਗਾਏ ਪੱਖਪਾਤ ਦੇ ਦੋਸ਼

Sunday, Jul 03, 2022 - 01:45 PM (IST)

ਪਿਓ-ਪੁੱਤ ਦੇ ਟੈਂਕੀ ’ਤੇ ਚੜ੍ਹ ਜਾਣ ਨਾਲ ‘ਈਨਾ ਬਾਜਵਾ’ ਇਕ ਵਾਰ ਫਿਰ ਸੁਰਖੀਆਂ ’ਚ, ਪੁਲਸ ’ਤੇ ਲਗਾਏ ਪੱਖਪਾਤ ਦੇ ਦੋਸ਼

ਸ਼ੇਰਪੁਰ (ਸਿੰਗਲਾ): ਬੀਤੇ ਦਿਨੀਂ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਮੋਬਾਇਲ ਟਾਵਰ ’ਤੇ ਚੜ੍ਹੇ ਵਿਅਕਤੀਆਂ ਦਾ ਮਾਮਲਾ ਠੰਢਾ ਵੀ ਨਹੀਂ ਪਿਆ ਸੀ ਕਿ ਇਕ ਵਾਰ ਫਿਰ ਪਿੰਡ ਈਨਾ ਬਾਜਵਾ ਸੁਰਖੀਆਂ ’ਚ ਹੈ। ਮੌਕੇ ’ਤੇ ਇਕੱਤਰ ਜਾਣਕਾਰੀ ਅਨੁਸਾਰ ਲੰਘੀ ਸ਼ਾਮ ਤੋਂ ਪਿੰਡ ਈਨਾ ਬਾਜਵਾ ਦੇ ਪਿਓ-ਪੁੱਤ ਪਾਣੀ ਦੀ ਟੈਂਕੀ ’ਤੇ ਇਨਸਾਫ ਲਈ ਚੜ੍ਹੇ ਹੋਏ ਹਨ ਅਤੇ ਉਨ੍ਹਾਂ ਦੀ ਹਮਾਇਤ ’ਚ ਪਿੰਡ ਦੀਆਂ ਵੱਡੀ ਗਿਣਤੀ ਬੀਬੀਆਂ ਅਤੇ ਪਿੰਡ ਵਾਸੀ ਵਾਟਰ ਵਰਕਸ ’ਤੇ ਧਰਨਾ ਲਾ ਕੇ ਬੈਠੇ ਹੋਏ ਹਨ। ਇਸ ਸਬੰਧੀ ਟੈਂਕੀ ’ਤੇ ਚੜ੍ਹੇ ਵਿਸ਼ਵਕਰਮਾ ਫਰਨੀਚਰ ਹਾਊਸ ਦੇ ਮਾਲਕ ਮਿਸਤਰੀ ਗੁਰਚਰਨ ਸਿੰਘ ਪੁੱਤਰ ਮੁਕੰਦ ਸਿੰਘ ਈਨਾ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੇਰਪੁਰ ਈਨਾ ਬਾਜਵਾ ਸੜਕ ’ਤੇ ਆਪਣੀ ਫਰਨੀਚਰ ਦੀ ਫੈਕਟਰੀ ਬਣਾਈ ਹੋਈ ਹੈ ਜਿਸ ਦੀ ਇਕ ਸਾਈਡ ਪਿੰਡ ਹੇੜੀਕੇ ਦੇ ਇਕ ਪਰਿਵਾਰ ਦੀ ਜ਼ਮੀਨ ਨਾਲ ਲੱਗਦੀ ਹੈ ਜਿਸ ’ਤੇ ਉਹ ਆਪਣੀ ਖੇਤੀ ਵਗੈਰਾ ਕਰਦੇ ਹਨ। ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਵੱਲੋਂ ਫੈਕਟਰੀ ਦੀ ਦੀਵਾਰ ਨੂੰ ਪਾਣੀ ਦੇ ਨੁਕਸਾਨ ਤੋਂ ਬਚਾਉਣ ਲਈ 8 ਫੁੱਟ ਦੇ ਕਰੀਬ ਜਗ੍ਹਾ ਜ਼ਮੀਨ ਵਾਲੇ ਪਾਸੇ ਨੂੰ ਛੱਡੀ ਹੋਈ ਸੀ। ਉਨ੍ਹਾਂ ਦੱਸਿਆ ਕਿ ਦੂਸਰੀ ਧਿਰ ਨੇ ਛੱਡੀ ਹੋਈ 8 ਫੁੱਟ ਦੇ ਕਰੀਬ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ ਜਿਸ ਸਬੰਧੀ ਸਾਡੇ ਵੱਲੋਂ ਨਿਸ਼ਾਨਦੇਹੀ ਕਰਵਾਉਣ ਲਈ ਦਰਖਾਸਤਾਂ ਦਿੱਤੀਆਂ ਗਈਆਂ ਅਤੇ ਇਕ ਦਰਖਾਸਤ ਥਾਣਾ ਮੁਖੀ ਸ਼ੇਰਪੁਰ ਨੂੰ ਵੀ ਦਿੱਤੀ ਗਈ , ਜਿਨ੍ਹਾਂ ’ਤੇ 7/51 ਤਹਿਤ ਜ਼ਮਾਨਤਾਂ ਹੋ ਚੁੱਕੀਆਂ ਹਨ ਪਰ ਦੂਜੀ ਧਿਰ ਵੱਲੋਂ ਫਿਰ ਵੀ ਉਸ ਜਗ੍ਹਾ ’ਤੇ ਕਾਬਜ਼ ਹੋਣ ਲਈ ਬਿਨਾਂ ਨਿਸ਼ਾਨਦੇਹੀ ਹੋਣ ਦੇ ਕੱਦੂ ਕਰ ਕੇ ਜੀਰੀ ਲਾਉਣ ਦੀ ਤਿਆਰੀ ਕਰ ਦਿੱਤੀ ਗਈ।

ਇਹ ਵੀ ਪੜ੍ਹੋ- PRTC ਦੀਆਂ ਬੱਸਾਂ ’ਤੋਂ ਭਿੰਡਰਾਂਵਾਲਾ ਦੇ ਪੋਸਟਰ ਹਟਾਉਣ ਦੇ ਹੁਕਮ ’ਤੇ ਮਚਿਆ ਹੰਗਾਮਾ

ਥਾਣਾ ਮੁਖੀ ਸ਼ੇਰਪੁਰ ਨੂੰ ਦੂਜੀ ਧਿਰ ’ਤੇ ਕਾਰਵਾਈ ਕਰਨ ਲਈ ਅਪੀਲ ਕੀਤੀ ਗਈ ਪਰ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਅਤੇ ਦੂਸਰੀ ਧਿਰ ਨਾਲ ਪੱਖਪਾਤ ਨੂੰ ਲੈ ਕੇ ਕੋਈ ਵੀ ਕਾਰਵਾਈ ਨਾ ਕੀਤੇ ਜਾਣ ’ਤੇ ਗੁਰਚਰਨ ਸਿੰਘ ਅਤੇ ਉਸਦਾ ਪੁੱਤਰ ਕੁਲਵਿੰਦਰ ਸਿੰਘ ਰੋਸ ਵਜੋਂ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਉਨ੍ਹਾਂ ਦੀ ਹਮਾਇਤ ’ਤੇ ਆਏ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਕੀਪਾ ਈਨਾ ਬਾਜਵਾ ਨੇ ਕਿਹਾ ਕਿ ਪਰਿਵਾਰ ਨਾਲ ਹੁੰਦੀ ਧੱਕੇਸ਼ਾਹੀ ਨੂੰ ਦੇਖਦੇ ਹੋਏ ਸਾਰਾ ਪਿੰਡ ਇਕਜੁੱਟ ਹੋ ਕੇ ਗੁਰਚਰਨ ਸਿੰਘ ਦੀ ਹਮਾਇਤ ’ਚ ਉਨ੍ਹਾਂ ਨਾਲ ਖਡ਼੍ਹਾ ਹੈ। ਕਮਲਦੀਪ ਸਿੰਘ ਪੰਚ, ਮੋਨੂੰ ਬਾਜਵਾ ਅਤੇ ਹੋਰ ਪਿੰਡ ਦੇ ਪਤਵੰਤੇ ਲੋਕਾਂ ਨੇ ਕਿਹਾ ਕਿ ਅਗਰ ਪੁਲਸ ਵੱਲੋਂ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਅਤੇ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਵੱਡਾ ਸੰਘਰਸ਼ ਉਲੀਕਣਗੇ ਜਿਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਅਤੇ ਜ਼ਿਲਾ ਪ੍ਰਸ਼ਾਸਨ ਦੀ ਹੋਵੇਗੀ ।

ਕੀ ਕਹਿਣਾ ਹੈ ਥਾਣਾ ਮੁਖੀ ਦਾ

ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਅਮਰੀਕ ਸਿੰਘ ਨੇ ਕਿਹਾ ਕਿ ਪੱਖਪਾਤ ਦੇ ਦੋਸ਼ ਨਿਰਾਧਾਰ ਹਨ। ਵਰਦੀ ’ਚ ਰਹਿ ਕੇ ਕਿਸੇ ਨਾਲ ਵੀ ਪੱਖਪਾਤ ਨਹੀਂ ਕੀਤਾ ਜਾਂਦਾ। ਪੀੜਤ ਧਿਰ ਨੂੰ ਇਨਸਾਫ਼ ਮਿਲੇਗਾ ਅਤੇ ਦੋਸ਼ੀ ਖ਼ਿਲਾਫ਼ ਕਾਰਵਾਈ। ਮੈਂ ਕੱਲ ਸ਼ਾਮ ਤੋਂ ਹੀ ਟੈਂਕੀ ’ਤੇ ਚੜ੍ਹੇ ਪਰਿਵਾਰ ਨਾਲ ਰਾਬਤਾ ਬਣਾਇਆ ਹੋਇਆ ਹੈ ਅਤੇ ਦੋਵੇਂ ਧਿਰਾਂ ਨੂੰ ਬਿਠਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਨਿਸ਼ਾਨਦੇਹੀ ਦਾ ਕੰਮ ਹੈ ਉਹ ਨਾਇਬ ਤਹਿਸੀਲਦਾਰ ਦੇ ਅਧਿਕਾਰ ਖੇਤਰ ਹੇਠ ਆਉਂਦਾ ਹੈ, ਉਨ੍ਹਾਂ ਨਾਲ ਵੀ ਗੱਲਬਾਤ ਜਾਰੀ ਹੈ ।

ਕੀ ਕਹਿਣਾ ਹੈ ਜ਼ਮੀਨ ਮਾਲਕ ਦਾ

ਜ਼ਮੀਨ ਮਾਲਕ ਦੇ ਪੁੱਤਰ ਨੇ ਕਿਹਾ ਲਾਲ ਪਿੱਲਰ ਤੋਂ ਸਾਡੀ ਸਿੱਧੀ ਵੱਟ ਆ ਰਹੀ ਹੈ। ਗੁਰਚਰਨ ਸਿੰਘ ਪਿੰਡ ਦੇ ਕੁਲਦੀਪ ਸਿੰਘ ਕੀਪਾ ਨਾਲ ਮਿਲ ਕੇ ਨਿੱਜੀ ਪਿੱਲਰ ਲਗਾ ਕੇ ਬਿਨਾਂ ਸਰਕਾਰੀ ਮਿਣਤੀ ਤੋਂ ਤਕਰੀਬਨ ਛੇ ਫੁੱਟ ਦੇ ਕਰੀਬ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨਾ ਚਾਹੁੰਦਾ ਸੀ। ਅਸੀਂ ਇਸ ਜ਼ਮੀਨ ’ਤੇ 60 ਸਾਲਾਂ ਤੋਂ ਖੇਤੀ ਕਰਦੇ ਆ ਰਹੇ ਹਾਂ। ਜਿਸ ’ਤੇ ਪਰੂਫ ਸਾਡੇ ਕੋਲ ਹਨ ਮੈਂ ਸਰਕਾਰੀ ਮੁਲਾਜ਼ਮ ਹਾਂ ਅਤੇ ਮੇਰੇ ਮਾਤਾ ਜੀ ਬਜ਼ੁਰਗ ਹਨ ਇਹ ਸਾਨੂੰ ਇਸ ਮਾਮਲੇ ’ਚ ਉਲਝਾਉਣਾ ਚਾਹੁੰਦੇ ਹਨ। ਅਸੀਂ ਸਰਕਾਰੀ ਮਿਣਤੀ ਅਨੁਸਾਰ ਫੈਸਲੇ ਦੇ ਪਾਬੰਦ ਹੋਵਾਂਗੇ।

ਕੀ ਕਹਿੰਦੇ ਹਨ ਨਾਇਬ ਤਹਿਸੀਲਦਾਰ ਸ਼ੇਰਪੁਰ

ਇਸ ਸਬੰਧੀ ਨਾਇਬ ਤਹਿਸੀਲਦਾਰ ਭੁਪਿੰਦਰ ਸਿੰਘ ਸ਼ੇਰਪੁਰ ਨੇ ਕਿਹਾ ਕਿ ਮੇਰੇ ਕੋਲ ਗੁਰਚਰਨ ਸਿੰਘ ਵੱਲੋਂ ਸਰਕਾਰੀ ਮਿਣਤੀ ਸਬੰਧੀ ਦਰਖਾਸਤ ਆਈ ਹੈ ਜੋ ਸਬੰਧਤ ਕਾ ਨੂੰਨਗੋ ਨੂੰ ਭੇਜੀ ਹੋਈ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Gurminder Singh

Content Editor

Related News