ਫਤਿਹਵੀਰ ਨੂੰ ਬੋਰਵੈੱਲ ''ਚੋਂ ਬਾਹਰ ਕੱਢਣ ''ਚ ਹੋ ਰਹੀ ਦੇਰੀ ਤੋਂ ਭੜਕੇ ਲੋਕਾਂ ਨੈਸ਼ਨਲ ਹਾਈਵੇ ''ਤੇ ਕੀਤਾ ਰੋਸ ਪ੍ਰਦਰਸ਼ਨ
Monday, Jun 10, 2019 - 10:25 PM (IST)
ਭਵਾਨੀਗੜ੍ਹ (ਕਾਂਸਲ)-ਪਿਛਲੇ 5 ਦਿਨਾਂ ਤੋਂ ਸੁਨਾਮ ਦੇ ਪਿੰਡ ਭਗਵਾਨਪੁਰਾ ਵਿਖੇ ਇਕ ਬੋਰਵੈੱਲ 'ਚ ਫਸੇ 2 ਸਾਲਾ ਬੱਚੇ ਫਤਿਹਵੀਰ ਸਿੰਘ ਨੂੰ ਬਾਹਰ ਕੱਢਣ 'ਚ ਅਸਫਲ ਰਹੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਖਫਾ ਪਿੰਡ ਕਾਕੜਾ ਦੇ ਨੌਜਵਾਨਾਂ ਨੇ ਅੱਜ ਸ਼ਹਿਰ ਵਿਖੇ ਨੈਸ਼ਨਲ ਹਾਈਵੇ 'ਤੇ ਆਪਣੇ ਹੱਥਾਂ ਵਿਚ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵਾਲੀਆਂ ਤਖਤੀਆਂ ਚੁੱਕ ਕੇ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਲ-ਨਾਲ ਜ਼ਿਲਾ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਆਪਣੇ ਸੰਬੋਧਨ ਵਿਚ ਬਲਵੀਰ ਸਿੰਘ ਖਾਲਸਾ ਅਤੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਾਲਾਇਕੀ ਕਾਰਣ ਹੀ ਅੱਜ ਇਹ ਛੋਟਾ ਜਿਹਾ ਮਾਸੂਮ ਇਕ 9 ਇੰਚੀ ਬੋਰ 'ਚ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜ ਦਿਨਾਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਛੋਟੇ ਬੱਚੇ ਨੂੰ ਬੋਲਵੈੱਲ 'ਚੋਂ ਬਾਹਰ ਕੱਢਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੂਰੀ ਤਰ੍ਹਾਂ ਅਸਫਲ ਸਿੱਧ ਹੋਣ ਨਾਲ ਪੂਰੇ ਵਿਸ਼ਵ ਵਿਚ ਸਾਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ ਅਤੇ ਇਸ ਹਾਦਸੇ 'ਚ ਪੂਰੀ ਤਰ੍ਹਾਂ ਫੇਲ ਹੋਏ ਸਰਕਾਰ ਦੇ ਸਾਰੇ ਤੰਤਰ-ਯੰਤਰਾਂ ਨੇ ਪੂਰੇ ਵਿਸ਼ਵ ਵਿਚ ਡਿਜੀਟਲ ਇੰਡੀਆ ਦੀ ਤਸਵੀਰ ਨੂੰ ਧੁੰਦਲਾ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਡਿਜੀਟਲ ਇੰਡੀਆ ਦੀ ਦੁਹਾਈ ਦੇਣ ਵਾਲੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਖ ਲੈਣਾ ਚਾਹੀਦਾ ਹੈ ਕਿ ਦੇਸ਼ ਨੂੰ ਡਿਜੀਟਲ ਇੰਡੀਆ ਬਣਾਉਣ ਲਈ ਇਥੇ 3000 ਕਰੋੜ ਰੁਪਏ ਮੂਰਤੀ ਉੱਪਰ ਖਰਚ ਕਰਨ ਦੀ ਥਾਂ ਦੇਸ਼ ਵਿਚ ਕਿਸੇ ਵੀ ਆਫਤ ਵਿਚ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਬਚਾਅ ਕਰਨ ਦੇ ਸਾਧਨਾਂ ਉਪਰ ਖਰਚ ਕਰਨਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਇਸ ਛੋਟੇ ਮਾਸੂਮ ਬੱਚੇ ਨੂੰ ਬੋਰਵੈੱਲ ਵਿਚ ਬਾਹਰ ਕੱਢ ਕੇ ਉਸ ਦੇ ਮਾਪਿਆਂ ਦੀ ਝੋਲੀ ਵਿਚ ਨਾ ਪਾਇਆ ਗਿਆ ਤਾਂ ਉਹ ਵੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ 'ਚ ਨੌਜਵਾਨ ਮੌਜੂਦ ਸਨ।