ਕਿਸਾਨਾਂ ਨੇ ਹਾਈਵੇ ਜਾਮ ਕਰ ਕੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
Monday, Nov 05, 2018 - 03:53 AM (IST)

ਨਥਾਣਾ, (ਬੱਜੋਆਣੀਆਂ)- ਕਿਸਾਨਾਂ ਨੂੰ ਹਰ ਵਾਰ ਫਸਲ ਵੇਚਣ ਅਤੇ ਬੀਜਣ ’ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚਾਹੇ ਇਹ ਪਰਾਲੀ ਨੂੰ ਅੱਗ ਲਾਉਣ ਦਾ ਮਾਮਲਾ ਹੋਵੇ ਜਾਂ ਫਿਰ ਸਾਉਣੀ ਦੀ ਫਸਲ ਵੇਚਣ ਦਾ ਜੱਟਾਂ ਲਈ ਨਵੀਆਂ ਮੁਸੀਬਤਾਂ ਹੀ ਖਡ਼੍ਹੀਆਂ ਹੋ ਜਾਂਦੀਆਂ ਹਨ। ਜੱਟਾਂ ਨੇ ਅੱਜ ਫ਼ਿਰ ਅੱਕ ਕੇ ਭਗਤਾ-ਭੁੱਚੋ ਮੇਨ ਹਾਈਵੇ ਰੋਡ ਕਲਿਆਣ ਸੁੱਖਾ ਕੋਲ ਜਾਮ ਕਰਕੇ ਸਰਕਾਰ ਖਿਲਾਫ ਨਾਅਰਬਾਜ਼ੀ ਕੀਤੀ। ਇਸ ਮੌਕੇ ਮੁੱਦਾ ਝੋਨਾ ਤੋਲਣ ਸਮੇਂ ਨਮੀ ਦਾ ਸੀ, ਜਿਸ ਦੌਰਾਨ ਕਿਸਾਨਾਂ ਤੋਂ ਝੋਨਾ ਤੋਲਣ ਸਮੇਂ ਨਮੀ ਦੀ ਮਾਤਰਾ 17 ਫੀਸਦੀ ਲਈ ਜਾਂਦੀ ਸੀ ਜਦ ਕਿ ਸ਼ੈਲਰ ਮਾਲਕ ਆਪਣੇ ਨਮੀ ਤੋਲਣ ਵਾਲੇ ਯੰਤਰ ਨਾਲ 18 ਫੀਸਦੀ ਨਮੀ ਲੈਂਦੇ ਸਨ, ਜਿਸ ਕਰਕੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਸੀ। ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਆਗੂਆਂ ਦਾ ਸਹਾਰਾ ਲੈ ਕੇ ਕਲਿਆਣ ਸੁੱਖਾ ਦੀ ਦਾਣਾ ਮੰਡੀ ਦੇ ਬਾਹਰ ਨਿਕਲ ਕੇ ਸਡ਼ਕ ਜਾਮ ਕਰ ਦਿੱਤੀ। ਇਸ ਮੌਕੇ ਪੁਲਸ ਨੇ ਭਾਵੇਂ ਆਵਾਜਾਈ ਦੇ ਬਦਲਵੇਂ ਪ੍ਰਬੰਧ ਕਰ ਦਿੱਤੇ ਸਨ ਪਰ ਆਮ ਲੋਕਾਂ ਨੇ ਕਿਸਾਨਾਂ ਦੀ ਮੰਗ ਪੂਰੀ ਕਰਵਾਉਣ ਲਈ ਉਨ੍ਹਾਂ ਦਾ ਸਾਥ ਦਿੱਤਾ। ਇਸ ਮੌਕੇ ’ਤੇ ਪੁੱਜ ਕੇ ਮਾਰਕੀਟ ਕਮੇਟੀ ਦੀ ਸਕੱਤਰ ਗਿਆਨ ਕੌਰ ਨੇ ਕਿਸਾਨਾਂ ਦਾ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ ਪਰ ਕਿਸਾਨ ਦੋਵੇਂ ਥਾਵਾਂ ’ਤੇ ਇਕ ਹੀ ਨਮੀ ਨਾਪਣ ਵਾਲਾ ਯੰਤਰ ਵਰਤਣ ਦੀ ਮੰਗ ’ਤੇ ਡਟੇ ਰਹੇ। ਦੂਸਰੀ ਤਰਫ਼ ਸੈਲਰ ਮਾਲਕ ਇਸ ਨੂੰ ਮੰਗ ਪ੍ਰਵਾਨ ਕਰਦੇ ਹਨ ਜਾਂ ਨਹੀਂ ਇਹ ਸਮੇਂ ਦੇ ਗਰਭ ’ਚ ਹੈ। ਸਕੱਤਰ ਗਿਆਨ ਕੌਰ ਦਾ ਕਹਿਣਾ ਹੈ ਕਿ ਕਲਿਆਣ ਸੁੱਖਾ ਦੇ ਕਿਸਾਨਾਂ ਦਾ ਮਸਲਾ ਹੱਲ ਕਰਨ ਲਈ ਇੰਸਪੈਕਟਰ ਨੂੰ ਸੱਦਿਆ ਗਿਆ ਜਿਸ ਨੇ ਝੋਨੇ ਦੀ ਬੋਲੀ ਲਗਾ ਕੇ ਕੰਮ ਸ਼ੁਰੂ ਕਰਵਾ ਦਿੱਤਾ ਹੈ, ਇਸ ਮੌਕੇ ਧਰਨਾ ਚੁੱਕਿਆ ਗਿਆ ਹੈ ਬਾਕੀ ਰਹੀ ਗੱਲ ਦੋਵੇਂ ਥਾਵਾਂ ’ਤੇ ਹੀ ਇਕ ਮੈਕਚਰ ਮੀਟਰ ਦੀ ਵਰਤੋਂ ਕਰਨ ਲਈ ਸਰਕਾਰ ਵਲੋਂ ਹਦਾਇਤਾਂ ਆਈਅਾਂ ਹਨ ਜਿਸ ਨੂੰ ਲਾਗੂ ਕੀਤਾ ਜਾਵੇਗਾ।