ਬਾਰਦਾਨੇ ਦੀ ਘਾਟ ਨੂੰ ਲੈ ਕੇ ਕਿਸਾਨਾਂ ਨੇ ਭਾਗਸਰ ਦਾਣਾ ਮੰਡੀ ’ਚ ਕੀਤਾ ਰੋਸ ਪ੍ਰਦਰਸ਼ਨ

04/21/2021 2:29:18 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ)-ਇਸ ਵੇਲੇ ਪੇਂਡੂ ਦਾਣਾ ਮੰਡੀਆਂ ਕਣਕ ਦੀਆਂ ਢੇਰੀਆਂ ਨਾਲ ਨੱਕੋ-ਨੱਕ ਭਰੀਆਂ ਪਈਆਂ ਹਨ ਤੇ ਕਈ ਥਾਵਾਂ ਉੱਤੇ ਹੋਰ ਕਣਕ ਸੁੱਟਣ ਲਈ ਭੋਰਾ ਥਾਂ ਨਹੀਂ ਬਚੀ । ਮੰਡੀਆਂ ਵਿੱਚ ਬਾਰਦਾਨੇ ਦੀ ਵੱਡੀ ਘਾਟ ਕਾਰਨ ਸਮੁੱਚਾ ਕਿਸਾਨ ਵਰਗ ਬੇਹੱਦ ਪ੍ਰੇਸ਼ਾਨ ਹੈ । ਬਾਰਦਾਨੇ ਦੀ ਘਾਟ ਨੇ ਇਕ ਵਾਰ ਫਿਰ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ । ਸਰਕਾਰ ਉਹ ਵਾਅਦੇ ਭੁੱਲ ਗਈ ਕਿ ਦਾਣਾ-ਦਾਣਾ ਕਣਕ ਚੁੱਕੀ ਜਾਵੇਗੀ । ਕਿਸਾਨਾਂ ਨੂੰ ਦਾਣਾ ਮੰਡੀਆਂ ਵਿੱਚ ਬੈਠਿਆਂ ਕਈ ਰਾਤਾਂ ਲੰਘ ਗਈਆਂ ਹਨ । ਖੱਜਲ-ਖ਼ੁਆਰੀ ਹੋ ਰਹੀ ਹੈ ਪਰ ਕਣਕ ਦੀ ਤੁਲਾਈ ਨਹੀਂ ਹੋ ਰਹੀ ਤੇ ਬੋਰੀਆਂ ਨਹੀਂ ਭਰੀਆਂ ਜਾ ਰਹੀਆਂ ।
ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਲੱਖੇਵਾਲੀ, ਲੁਬਾਣਿਆਂ ਵਾਲੀ, ਸੱਕਾਵਾਲੀ, ਕੁਰਾਈਵਾਲਾ, ਭਾਗਸਰ , ਥਾਂਦੇਵਾਲਾ, ਸੰਮੇਵਾਲੀ, ਮਹਾਂਬੱਧਰ, ਸੋਥਾ, ਕਰਮਪੱਟੀ, ਹਰੀਕੇ ਕਲਾਂ ਤੇ ਛੀਬਿਆਂ ਵਾਲੀ, ਵਾੜਾ ਕਿਸ਼ਨ ਪੁਰਾ ਤੇ ਕਈ ਹੋਰ ਪਿੰਡਾਂ ਦੀਆਂ ਦਾਣਾ ਮੰਡੀਆਂ ਵਿੱਚ ਬਾਰਦਾਨੇ ਦੀ ਵੱਡੀ ਘਾਟ ਰੜਕ ਰਹੀ ਹੈ ਪਰ ਸਬੰਧਿਤ ਵਿਭਾਗ ਤੇ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ ।

ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਦਾਣਾ ਮੰਡੀ ਵਿੱਚ ਵੀ ਬਾਰਦਾਨੇ ਦੀ ਘਾਟ ਰੜਕ ਰਹੀ ਹੈ । ਜੇਕਰ ਪਹਿਲਾਂ ਵਾਲੀ ਕਣਕ ਮੰਡੀਆਂ ਵਿੱਚੋਂ ਚੁੱਕੀ ਜਾਵੇਗੀ ਤਾਂ ਹੀ ਹੋਰ ਕਣਕ ਮੰਡੀਆਂ ਵਿੱਚ ਸੁੱਟਣ ਲਈ ਥਾਂ ਮਿਲੇਗਾ । ਹੁਣ ਤਾਂ ਅੱਕ ਕੇ ਕਿਸਾਨ ਦਾਣਾ ਮੰਡੀਆਂ ਵਿੱਚ ਸਰਕਾਰ ਦੇ ਖਿਲਾਫ ਧਰਨੇ ਮੁਜ਼ਾਹਰੇ ਕਰਨ ਲੱਗ ਪਏ ਹਨ । ਅੱਜ ਸਵੇਰੇ ਪਿੰਡ ਭਾਗਸਰ ਦੀ ਦਾਣਾ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ ਤੇ ਉਨ੍ਹਾਂ ਨੇ ਕਣਕ ਦੀ ਖ਼ਰੀਦ ਲਈ ਕੀਤੇ ਗਏ ਮਾੜੇ ਪ੍ਰਬੰਧਾਂ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ।

ਇਸ ਮੌਕੇ ਗੁਰਾਦਿੱਤਾ ਸਿੰਘ, ਹਰਫੂਲ ਸਿੰਘ, ਨਰ ਸਿੰਘ ਅਕਾਲੀ, ਅੰਮ੍ਰਿਤਪਾਲ ਸਿੰਘ ਬਰਾੜ, ਜੱਜ ਸਿੰਘ, ਗੁਰਜੰਟ ਸਿੰਘ ਬਰਾੜ, ਸ਼ਿਵਰਾਜ ਸਿੰਘ ਗਿੱਲ, ਦਰਸ਼ਨ ਸਿੰਘ, ਜਥੇਦਾਰ ਬਲਕਾਰ ਸਿੰਘ ਅਤੇ ਹੋਰ ਕਿਸਾਨਾਂ ਨੇ ਦੋਸ਼ ਲਗਾਇਆ ਕਿ ਨਾ ਤਾਂ ਉਕਤ ਮੰਡੀ ਵਿੱਚ ਸਮੇਂ ਸਿਰ ਕਣਕ ਦੀ ਖ਼ਰੀਦ ਸ਼ੁਰੂ ਹੋਈ ਤੇ ਨਾ ਲੋੜ ਅਨੁਸਾਰ ਬਾਰਦਾਨਾ ਪੁੱਜਿਆ । ਕਣਕ ਦੀ ਚੁਕਵਾਈ ਵੀ ਨਹੀਂ ਹੋ ਰਹੀ । ਉਨ੍ਹਾਂ ਕਿਹਾ ਕਿ ਜੇਕਰ ਜਲਦੀ ਢੁੱਕਵੇਂ ਪ੍ਰਬੰਧ ਨਾ ਹੋਏ ਤਾਂ ਜਥੇਬੰਦੀ ਸਖਤ ਐਕਸ਼ਨ ਲਵੇਗੀ। ਪੰਜਾਬ ਸਰਕਾਰ ਨੂੰ ਤੁਰੰਤ ਕਿਸਾਨਾਂ ਦੀ ਇਸ ਵੱਡੀ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ ।


Manoj

Content Editor

Related News