ਆਲੂਆਂ ਦੀ ਖ੍ਰੀਦ ’ਚ ਪੱਖਪਾਤ ਵਿਰੁੱਧ ਕਿਸਾਨਾਂ ਨੇ ਫੈਕਟਰੀ ਦੇ ਗੇਟ ਅੱਗੇ ਕੀਤਾ ਰੋਸ-ਪ੍ਰਦਰਸ਼ਨ

01/20/2019 1:18:12 AM

ਭਵਾਨੀਗਡ਼੍ਹ, (ਕਾਂਸਲ)- ਸ਼ਹਿਰ ਨੇਡ਼ਲੇ ਪਿੰਡ ਚੰਨੋਂ ਵਿਖੇ ਸਥਿਤ ਇਕ ਚਿਪਸ ਅਤੇ ਕੁਰਕਰੇ ਬਣਾਉਣ ਵਾਲੀ ਫੈਕਟਰੀ ਵੱਲੋਂ ਆਲੂਆਂ ਦੀ ਖ੍ਰੀਦ ਕਰਨ ਸਮੇਂ ਇਲਾਕੇ ਦੇ ਕਿਸਾਨਾਂ ਨਾਲ ਕਥਿਤ ਤੌਰ ’ਤੇ ਪੱਖਪਾਤ ਕੀਤੇ ਜਾਣ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਇਕੱਠੇ ਹੋਏ ਕਿਸਾਨਾਂ ਨੇ ਫੈਕਟਰੀ ਦੇ ਗੇਟ ਅੱਗੇ ਰੋਸ-ਪ੍ਰਦਰਸ਼ਨ ਕਰਦਿਆਂ ਫੈਕਟਰੀ ਮੈਨੇਜਮੈਂਟ ਦੇ ਨਾਲ-ਨਾਲ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।
 ਇਸ ਮੌਕੇ ਆਪਣੇ ਸੰਬੋਧਨ ਵਿਚ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਮਨਜੀਤ ਸਿੰਘ ਘਰਾਚੋਂ ਸੀਨੀਅਰ ਮੀਤ ਪ੍ਰਧਾਨ, ਜਗਤਾਰ ਸਿੰਘ ਕਾਲਾਝਾਡ਼ ਜ਼ਿਲਾ ਆਗੂ, ਗੁਰਦੇਵ ਸਿੰਘ ਆਲੋਅਰਖ, ਸੇਵਕ ਸਿੰਘ ਡੇਹਲੇਵਾਲ  ਤੇ ਬਲਵਿੰਦਰ ਸਿੰਘ ਲੱਖੇਵਾਲ ਸਾਰੇ ਪਿੰਡ ਇਕਾਈ ਪ੍ਰਧਾਨਾਂ ਨੇ ਕਿਹਾ ਕਿ ਉਕਤ ਫੈਕਟਰੀ ਵੱਲੋਂ ਆਲੂਆਂ ਦੀ ਖ੍ਰੀਦ ਨੂੰ ਲੈ ਸਥਾਨਕ ਇਲਾਕੇ ਦੇ ਕਿਸਾਨਾਂ ਨਾਲ ਬਹੁਤ ਜ਼ਿਆਦਾ ਪੱਖਪਾਤ ਕੀਤਾ ਜਾ ਰਿਹਾ ਹੈ। ਸਥਾਨਕ ਇਲਾਕੇ ਦੇ ਕਿਸਾਨਾਂ ਦੇ ਆਲੂ ਮਨਮਰਜ਼ੀ ਨਾਲ ਖ੍ਰੀਦ ੇ ਜਾ ਰਹੇ ਹਨ ਤੇ ਇਲਾਕੇ ਦੇ ਕਿਸਾਨਾਂ ਨੂੰ ਕਥਿਤ ਤੌਰ ’ਤੇ ਸਮੇਂ-ਸਿਰ ਗੇਟ ਪਾਸ ਜਾਰੀ ਨਾ ਕਰ ਕੇ ਜਾਣ-ਬੁੱਝ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਫੈਕਟਰੀ ਵੱਲੋਂ ਸਥਾਨਕ ਇਲਾਕੇ ਦੇ ਕਿਸਾਨਾਂ ਤੋਂ ਮਾਤਰ 33 ਫੀਸਦੀ ਆਲੂਆਂ ਦੀ ਹੀ ਖ੍ਰੀਦ ਕੀਤੀ ਜਾਂਦੀ ਅਤੇ ਮਾਛੀਵਾਡ਼ਾ ਅਤੇ ਹੋਰ ਦੂਰ-ਦੁਰਾਡੇ ਦੇ ਇਲਾਕਿਆਂ ’ਚੋਂ 67 ਫੀਸਦੀ ਆਲੂਆਂ ਦੀ ਖ੍ਰੀਦ ਕਰਨ ਦੇ ਨਾਲ-ਨਾਲ ਇਨ੍ਹਾਂ ਦੂਰ-ਦੁਰਾਡੇ ਦੇ ਕਿਸਾਨਾਂ ਨੂੰ ਸਥਾਨਕ ਇਲਾਕੇ ਦੇ ਕਿਸਾਨਾਂ ਨਾਲੋਂ ਆਲੂਆਂ ਦਾ ਰੇਟ ਵੀ ਵੱਧ ਦਿੱਤਾ ਜਾ ਰਿਹਾ ਹੈ। ਜਦੋਂ ਕਿ ਫੈਕਟਰੀ ਵੱਲੋਂ ਕਥਿਤ ਤੌਰ ’ਤੇ ਫੈਲਾਏ ਜਾ ਰਹੇ ਪ੍ਰਦੂਸ਼ਣ ਨਾਲ ਜਿਥੇ ਸਥਾਨਕ ਇਲਾਕੇ ਦਾ ਹਵਾ-ਪਾਣੀ ਬੁਰੀ ਤਰ੍ਹਾਂ ਦੂਸ਼ਿਤ ਹੋ ਰਿਹਾ ਹੈ, ਉਥੇ ਆਲੂਆਂ ਦੀ ਰਹਿੰਦ-ਖੂੰਹਦ ਨਾਲ ਫੈਲਾਈ ਜਾ ਰਹੀ ਗੰਦਗੀ ਨਾਲ ਇਥੇ ਮੱਖੀਆਂ ਅਤੇ ਮੱਛਰ ਦੀ ਪੈਦਾਵਾਰ ਨਾਲ ਇਲਾਕੇ ਦੇ ਲੋਕ ਬੀਮਾਰੀਆਂ ਦੀ ਮਾਰ ਵੀ ਝੱਲ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਫੈਕਟਰੀ ਲਗਾਉਣ ਸਮੇਂ ਫੈਕਟਰੀ ਮੈਨੇਜਮੈਂਟ ਨੇ ਇਲਾਕੇ ਦੇ ਕਿਸਾਨਾਂ ਅਤੇ ਆਮ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਫੈਕਟਰੀ ਵੱਲੋਂ ਜਿਥੇ ਇਲਾਕੇ ਦੇ ਕਿਸਾਨਾਂ ਦੇ ਆਲੂ, ਮਟਰ, ਟਮਾਟਰ, ਮਿਰਚਾਂ ਅਤੇ ਹੋਰ ਸਬਜ਼ੀਆਂ ਨੂੰ ਪਹਿਲ ਦੇ ਅਧਾਰ  ’ਤੇ ਖ੍ਰੀਦਿਆ ਜਾਵੇਗਾ ਉਥੇ ਰੋਜ਼ਗਾਰ ਵੀ ਇਲਾਕੇ ਦੇ ਆਮ ਨੌਜਵਾਨਾਂ ਨੂੰ ਪਹਿਲ ਦੇ ਅਾਧਾਰ ’ਤੇ ਦਿੱਤਾ ਜਾਵੇਗਾ ਪਰ ਹੁਣ ਫੈਕਟਰੀ ਮੈਨੇਜਮੈਂਟ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ ਅਤੇ ਹੋਰ ਸਬਜ਼ੀਆਂ ਨੂੰ ਖ੍ਰੀਦ ਣਾ ਤਾਂ ਦੂਰ ਆਲੂਆਂ ਨੂੰ ਸਡ਼ਕਾਂ ਉਪਰ ਰੋਲ ਦਿੱਤਾ ਹੈ। ਜਦੋਂ ਕਿ ਇਹ ਐੱਲ.ਆਰ. ਕਿਸਮ ਦੇ ਆਲੂ ਚਿਪਸ ਬਣਾਉਣ ਲਈ ਹੀ ਕੰਮ ਆਉਂਦੇ ਹਨ। ਉਨ੍ਹਾਂ ਕਿਹਾ ਕਿ ਬਾਹਰਲੇ ਸ਼ਹਿਰਾਂ ’ਚ ਆਉਣ ਵਾਲੇ ਕਿਸਾਨਾਂ ਦੇ ਆਲੂ ਤੁਰੰਤ ਖ੍ਰੀਦ  ਕੇ ਉਨ੍ਹਾਂ ਨੂੰ ਗੇਟ ਅੰਦਰ ਦਾਖਲ ਕਰ ਲਿਆ ਜਾਂਦਾ ਹੈ ਅਤੇ ਸਥਾਨਕ ਇਲਾਕੇ ਦੇ ਕਿਸਾਨ ਕਈ-ਕਈ ਦਿਨਾਂ ਤੋਂ ਫੈਕਟਰੀ ਦੇ ਬਾਹਰ ਸਡ਼ਕ ਉਪਰ ਆਪਣੀਆਂ ਟਰਾਲੀਆਂ ਖਡ਼੍ਹੀਆਂ ਕਰ ਕੇ ਕਡ਼ਾਕੇ ਦੀ ਠੰਡ ’ਚ ਰੁਲਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੀ ਨਾ ਸਾਡੀ ਕੋਈ ਸੁਣਵਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਉਕਤ ਫੈਕਟਰੀ ਵਿਰੁੱਧ ਕੋਈ ਕਾਰਵਾਈ ਕੀਤੀ ਜਾ ਰਹੀ ਹੈ। 
ਉਨ੍ਹਾਂ ਮੰਗ ਕੀਤੀ ਕਿ ਫੈਕਟਰੀ ਪਹਿਲਾਂ ਵੱਧ ਤੋਂ ਵੱਧ 80 ਫੀਸਦੀ ਤੋਂ ਵੱਧ ਸਥਾਨਕ ਇਲਾਕੇ ਦੇ ਕਿਸਾਨਾਂ ਦੇ ਆਲੂ ਅਤੇ ਹੋਰ ਸਬਜ਼ੀਆਂ ਦੀ ਖ੍ਰੀਦ ਕਰੇ ਅਤੇ ਸਥਾਨਕ ਇਲਾਕੇ ਦੇ ਕਿਸਾਨਾਂ ਨੂੰ ਵੀ ਸਬਜ਼ੀਆਂ ਦੇ ਵੱਧ ਰੇਟ ਦਿੱਤੇ ਜਾਣ। ਇਸ ਸਬੰਧੀ ਜੇਕਰ ਕੋਈ ਕੰਟਰੈਕਟ ਵੀ ਕਰਨਾ ਹੈ ਤਾਂ ਉਹ ਸਥਾਨਕ ਇਲਾਕੇ ਦੇ ਕਿਸਾਨਾਂ ਨਾਲ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਫੈਕਟਰੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਤੇ ਸਰਕਾਰ ਨੇ ਕਿਸਾਨਾਂ ਦੀ  ਸਮੱਸਿਆ ਦਾ ਹੱਲ ਨਾ ਕੀਤਾ ਤਾਂ ਜਲਦ ਹੀ ਇਲਾਕੇ ਦੇ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਉਪਰ ਚੱਕਾ ਜਾਮ ਕਰ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। 
 ਇਸ ਸਮੇਂ  ਫੈਕਟਰੀ ਮੈਨੇਜਮੈਂਟ ਦੇ ਅਧਿਕਾਰੀਆਂ ਵੱਲੋਂ ਭਵਿੱਖ ’ਚ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਉਣ ਦਾ ਪੂਰਾ ਭਰੋਸਾ ਦੇਣ ਤੋਂ ਬਾਅਦ ਕਿਸਾਨਾਂ ਨੇ ਆਪਣੇ ਰੋਸ ਧਰਨੇ ਨੂੰ ਸਮਾਪਤ ਕੀਤਾ।


Related News