ਖ਼ਰੀਦ, ਲਿਫਟਿੰਗ ਅਤੇ ਭੁਗਤਾਨ ''ਚ ਦੇਰੀ ਕਾਰਨ ਕਿਸਾਨ ਹੋ ਰਹੇ ਪਰੇਸ਼ਾਨ
Saturday, Apr 18, 2026 - 03:16 PM (IST)
ਬਰੇਟਾ (ਬਾਂਸਲ) : ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਲਾਂ ਨੇ ਇੱਕ ਵਾਰ ਫਿਰ ਸਰਕਾਰੀ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਵੱਲੋਂ ਅੱਜ ਬਖਸ਼ੀਵਾਲਾ, ਕਾਹਨਗੜ੍ਹ, ਕੁਲਰੀਆਂ ਅਤੇ ਬਰੇਟਾ ਦੀ ਅਨਾਜ ਮੰਡੀ ਦਾ ਵਿਸਥਾਰ ਨਾਲ ਦੌਰਾ ਕਰਦੇ ਹੋਏ ਮੌਕੇ ‘ਤੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਅਤੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਗਈ। ਦੌਰੇ ਦੌਰਾਨ ਸਾਹਮਣੇ ਆਈਆਂ ਸਮੱਸਿਆਵਾਂ ਨੇ ਸਪੱਸ਼ਟ ਕੀਤਾ ਕਿ ਮੰਡੀਆਂ 'ਚ ਖ਼ਰੀਦ ਪ੍ਰਕਿਰਿਆ ਅਤੇ ਲਿਫਟਿੰਗ ਪ੍ਰਬੰਧ ਬਹੁਤ ਹੀ ਸੁਸਤ ਗਤੀ ਨਾਲ ਚੱਲ ਰਹੇ ਹਨ, ਜਿਸ ਕਾਰਨ ਕਿਸਾਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਦੌਰੇ ਦੌਰਾਨ ਕਿਸਾਨਾਂ ਨੇ ਖੁੱਲ੍ਹ ਕੇ ਦੱਸਿਆ ਕਿ ਕਈ ਮੰਡੀਆਂ 'ਚ ਅਜੇ ਤੱਕ ਖ਼ਰੀਦ ਪ੍ਰਕਿਰਿਆ ਢੰਗ ਨਾਲ ਸ਼ੁਰੂ ਨਹੀਂ ਹੋਈ, ਜਿਸ ਕਾਰਨ ਉਹ ਆਪਣੀ ਫ਼ਸਲ ਲੈ ਕੇ ਕਈ ਦਿਨਾਂ ਤੋਂ ਮੰਡੀਆਂ 'ਚ ਬੈਠਣ ਲਈ ਮਜਬੂਰ ਹਨ।
ਇੱਕ ਕਿਸਾਨ ਸਵਰਣ ਸਿੰਘ ਗੁਰਜੰਟ ਸਿੰਘ ਨੇ ਕਿਹਾ ਕਿ ਸਾਡੀ ਫ਼ਸਲ ਤਿਆਰ ਹੈ ਪਰ ਮੰਡੀਆਂ 'ਚ ਕੋਈ ਪੁੱਛਣ ਵਾਲਾ ਨਹੀਂ। ਉਨ੍ਹਾਂ ਨੇ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਜੇਕਰ ਉਨ੍ਹਾਂ ਨੂੰ ਆਪਣੀ ਉਪਜ ਵੇਚਣ 'ਚ ਹੀ ਇੰਨੀਆਂ ਮੁਸ਼ਕਲਾਂ ਆ ਰਹੀਆਂ ਹਨ ਤਾਂ ਇਹ ਸਰਕਾਰ ਦੀ ਵੱਡੀ ਨਾਕਾਮੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੰਡੀਆਂ 'ਚ ਮਜ਼ਦੂਰਾਂ ਅਤੇ ਵਾਹਨਾਂ ਦੀ ਘਾਟ ਵੀ ਇੱਕ ਵੱਡਾ ਕਾਰਨ ਹੈ, ਜਿਸ ਕਰਕੇ ਲਿਫਟਿੰਗ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਮਜ਼ਦੂਰਾਂ ਅਤੇ ਟਰਾਂਸਪੋਰਟ ਦੀ ਵਿਵਸਥਾ ਕੀਤੀ ਜਾਵੇ ਤਾਂ ਮੰਡੀਆਂ 'ਚ ਆ ਰਹੀ ਭੀੜ ਨੂੰ ਕਾਬੂ ਕੀਤਾ ਜਾ ਸਕਦਾ ਹੈ। ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਇਹ ਸਥਿਤੀ ਬਹੁਤ ਹੀ ਦੁਖਦਾਈ ਹੈ ਅਤੇ ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਖ਼ਰੀਦ ਦੀ ਗਤੀ ਨੂੰ ਤੇਜ਼ ਕੀਤਾ ਜਾਵੇ, ਲਿਫਟਿੰਗ ਪ੍ਰਕਿਰਿਆ ਨੂੰ ਸੁਧਾਰਿਆ ਜਾਵੇ ਅਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਕਈ ਕਿਸਾਨਾਂ ਨੂੰ ਪਿਛਲੇ ਸੀਜ਼ਨ ਦੇ ਭੁਗਤਾਨ ਵੀ ਸਮੇਂ ‘ਤੇ ਨਹੀਂ ਮਿਲੇ, ਜਿਸ ਕਾਰਨ ਉਹ ਆਰਥਿਕ ਤੌਰ ‘ਤੇ ਦਬਾਅ ਹੇਠ ਹਨ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਜ਼ਮੀਨੀ ਪੱਧਰ ‘ਤੇ ਪੱਕੇ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਤਾਂ ਜੋ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਪੂਰਾ ਫਲ ਮਿਲ ਸਕੇ।
