ਕਰਜ਼ੇ ਤੋਂ ਸਤਾਏ ਇਕ ਹੋਰ ਕਿਸਾਨ ਨੇ ਮੌਤ ਨੂੰ ਲਾਇਆ ਗਲੇ

Saturday, Jan 19, 2019 - 02:22 AM (IST)

ਕਰਜ਼ੇ ਤੋਂ ਸਤਾਏ ਇਕ ਹੋਰ ਕਿਸਾਨ ਨੇ ਮੌਤ ਨੂੰ ਲਾਇਆ ਗਲੇ

ਮਾਨਸਾ, (ਸੰਦੀਪ ਮਿੱਤਲ)- ਮਾਨਸਾ ਜ਼ਿਲੇ ਦੇ ਇਕ ਕਿਸਾਨ ਵਲੋਂ ਕਰਜ਼ੇ ਦਾ ਬੋਝ ਨਾ ਸਹਾਰਦੇ ਹੋਏ ਮਾਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ। ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਪੁਲਸ ਨੇ 174 ਦੀ ਕਾਰਵਾਈ ਕਰ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲੇ ਦੇ ਪਿੰਡ ਮਾਨਬੀਬਡ਼ੀਆ ਦੇ ਕਿਸਾਨ ਅਵਤਾਰ ਸਿੰਘ (60) ਦੇ ਕੋਲ ਖੇਤੀਯੋਗ  ਸਿਰਫ ਦੋ ਕਨਾਲ ਜ਼ਮੀਨ ਸੀ ਅਤੇ ਲੱਖਾਂ ਰੁਪਏ ਦਾ ਕਰਜ਼ਦਾਰ ਸੀ। ਮ੍ਰਿਤਕ ਕਿਸਾਨ ਦੇ ਭਰਾ ਜਗਰਾਜ ਸਿੰਘ ਨੇ ਦੱਸਿਆ ਕਿ ਕਿਸਾਨ ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਕੁੱਝ ਸਮਾਂ ਪਹਿਲਾਂ ਕਿਸਾਨ ਨੇ ਆਪਣੀ ਬੇਟੀ ਦਾ ਵਿਅਾਹ ਕੀਤਾ ਸੀ ਅਤੇ 5 ਲੱਖ ਰੁਪਏ ਦਾ ਕਿਸਾਨ ਕਰਜ਼ਾਈ ਸੀ ਜਿਸ ਕਰ ਕੇ ਕਰਜ਼ਾ ਵਾਪਸ ਨਾ ਹੁੰਦਾ ਦੇਖ ਕਿਸਾਨ ਅਵਤਾਰ ਸਿੰਘ ਪ੍ਰੇਸ਼ਾਨ ਸੀ ਤੇ ਉਸ ਨੇ ਮਾਲ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲਾ ਜਨਰਲ ਸਕੱਤਰ ਮਹਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇ। 


author

KamalJeet Singh

Content Editor

Related News