ਰੈੱਡ ਕ੍ਰਾਸ ਮੈਡੀਕਲ ਸਟੋਰ ’ਤੇ ਚੱਲ ਰਿਹਾ ਹੈ ਦਵਾਈ ਵੇਚਣ ਦਾ ਧੰਦਾ, ਲਾਇਆ ਧਰਨਾ
02/17/2020 6:04:08 PM

ਫਰੀਦਕੋਟ (ਜਗਤਾਰ) - ਫਰੀਦਕੋਟ ਜ਼ਿਲੇ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਚੱਲ ਰਹੇ ਮੈਡੀਕਲ ਸਟੋਰ ’ਤੇ ਮਹਿੰਗੇ ਭਾਅ ਦੀਆਂ ਦਵਾਈਆਂ ਵੇਚਣ ਦਾ ਗੋਰਖਧੰਦਾ ਚੱਲ ਰਿਹਾ ਹੈ। ਸਟੋਰ ਮੁਲਾਜ਼ਮ ਦਵਾਈਆਂ ਦੇ ਐੱਮ.ਆਰ.ਪੀ ’ਤੇ ਨਵੀਂ ਪਰਚੀ ਲੱਗਾ ਕੇ ਲੋਕਾਂ ਨੂੰ ਵੱਡੀ ਮਾਤਰਾ ’ਚ ਦਵਾਈਆਂ ਵੇਚ ਰਹੇ ਹਨ। ਇਸ ਦੇ ਬਾਰੇ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਗੁੱਸੇ ’ਚ ਮੈਡੀਕਲ ਸਟੋਰ ਦੇ ਬਾਹਰ ਧਰਨਾ ਲੱਗਾ ਦਿੱਤਾ। ਧਰਨਾ ਲੱਗਣ ਕਾਰਨ ਸਟੋਰ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਦੋਸਤ ਜਦੋਂ ਸਥਾਨਕ ਰੈੱਡ ਕਰਾਂਸ ਸਟੋਰ ਤੋਂ ਦਵਾਈ ਲੈਣ ਗਿਆ ਤਾਂ ਉਸ ਦੇ ਐੱਮ.ਆਰ.ਪੀ ’ਤੇ ਇਕ ਹੋਰ ਪਰਚੀ ਲੱਗੀ ਹੋਈ ਸੀ। ਉਸ ਪਰਚੀ ’ਤੇ ਦਵਾਈ ਦੀ ਕੀਮਤ 120 ਰੁਪਏ ਲਿੱਖੀ ਗਈ ਸੀ, ਜਦਕਿ ਪਰਚੀ ਦੇ ਹੇਠਾਂ ਉਸ ਦੀ ਕੀਮਤ 70 ਰੁਪਏ ਸੀ। ਵਾਧੂ ਕੀਮਤ ’ਤੇ ਦਵਾਈ ਵੇਚਣ ਦਾ ਪਤਾ ਲੱਗਣ ’ਤੇ ਉਨ੍ਹਾਂ ਨੇ ਲੋਕਾਂ ਨੂੰ ਇਕੱਠੇ ਕਰ ਧਰਨਾ ਲੱਗਾ ਦਿੱਤਾ। ਇਸ ਦੌਰਾਨ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੇ ਸਬੰਧਿਤ ਲੋਕਾਂ ਖਿਲਾਫ ਸਖਤ ਕਾਰਵਾਈ ਹੋਈ ਚਾਹੀਦੀ ਹੈ।