ਸੋਨੇ ਦੇ ਗਹਿਣੇ ਲੁੱਟਣ ਦੀ ਬਣਾਈ ਝੂਠੀ ਕਹਾਣੀ, ਗ੍ਰਿਫਤਾਰ
Thursday, Jan 17, 2019 - 04:45 AM (IST)
ਪਟਿਆਲਾ, (ਬਲਜਿੰਦਰ)- ਬੀਤੇ ਕੱਲ ਲੱਖਾਂ ਰੁਪਏ ਦੇ ਸੋਨੇ ਦੇ ਗਹਿਣਿਆਂ ਦੀ ਰਿਵਾਲਵਰ ਦਿਖਾ ਕੇ ਕੀਤੀ ਗਈ ਲੁੱਟ ਦੀ ਸ਼ਿਕਾਇਤ ਝੂਠੀ ਨਿਕਲੀ। ਪੁਲਸ ਨੇ ਇਸ ਮਾਮਲੇ ਵਿਚ ਜਿਹਡ਼ੇ ਵਿਅਕਤੀ ਵੱਲੋਂ ਇਹ ਕਹਾਣੀ ਬਣਾਈ ਗਈ, ਉਸ ਨੂੰ ਹੀ ਗ੍ਰਿਫਤਾਰ ਕਰ ਕੇ ਗਹਿਣੇ ਬਰਾਮਦ ਕਰ ਲਏ ਹਨ। ਪੁਲਸ ਨੇ ਇਸ ਮਾਮਲੇ ਵਿਚ ਸੰਦੀਪ ਜੈਨ ਪੁੱਤਰ ਅਸ਼ੋਕ ਜੈਨ ਵਾਸੀ ਸਮਾਣਾ ਦੀ ਸ਼ਿਕਾਇਤ ’ਤੇ ਪੰਕਜ ਕੁਮਾਰ ਪੁੱਤਰ ਇੰਦਰ ਲਾਲ ਵਾਸੀ ਨਾਮਧਾਰੀ ਕਾਲੋਨੀ ਸਮਾਣਾ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਸੰਦੀਪ ਜੈਨ ਮੁਤਾਬਕ ਉਸ ਦੀ ਸਮਾਣਾ ਵਿਖੇ ਸੁਨਿਆਰ ਦੀ ਦੁਕਾਨ ਹੈ। ਪੰਕਜ ਕੁਮਾਰ ਉਸ ਦੀ ਦੁਕਾਨ ’ਤੇ ਕੰਮ ਕਰਦਾ ਹੈ। ਪੰਕਜ ਕੁਮਾਰ ਨੂੰ ਸੋਨੇ ਦੇ ਗਹਿਣੇ ਕੁੱਲ 130 ਗ੍ਰਾਮ ਦੇ ਕੇ ਫਰਨਿੰਸ਼ਗ ਕਰਵਾਉਣ ਲਈ ਭੇਜਿਆ ਸੀ। ਪੰਕਜ ਨੇ ਪਿੰਡ ਭਾਨਰਾ ਕੋਲ ਨਰਾਇਣ ਪਬਲਿਕ ਸਕੂਲ ਕੋਲ ਆ ਕੇ ਸ਼ਿਕਾਇਤਕਰਤਾ ਸੰਦੀਪ ਜੈਨ ਨੂੰ ਫੋਨ ਕਰ ਕੇ ਕਿਹਾ ਕਿ 2 ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ ਨੂੰ ਰਿਵਾਲਵਰ ਦਿਖਾ ਕੇ ਸੋਨੇ ਦੇ ਗਹਿਣੇ ਲੁੱਟ ਲਏ। ਜਦੋਂ ਪੜਤਾਲ ਕੀਤੀ ਗਈ ਤਾਂ ਸਾਰੀ ਕਹਾਣੀ ਝੂਠੀ ਨਿਕਲੀ। ਇਨ੍ਹਾਂ ਗਹਿਣਿਆਂ ਦੀ ਕੁੱਲ ਕੀਮਤ 4 ਲੱਖ 25 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।