ਆਬਕਾਰੀ ਵਿਭਾਗ ਨੇ ਗੁੰਡਾਗਰਦੀ ’ਤੇ ਉਤਰਨ ਵਾਲੇ ਪ੍ਰਚੂਨ ਲਾਇਸੈਂਸਧਾਰਕਾਂ ’ਤੇ ਕੱਸਿਆ ਸ਼ਿਕੰਜਾ

Tuesday, Jun 06, 2023 - 06:34 PM (IST)

ਆਬਕਾਰੀ ਵਿਭਾਗ ਨੇ ਗੁੰਡਾਗਰਦੀ ’ਤੇ ਉਤਰਨ ਵਾਲੇ ਪ੍ਰਚੂਨ ਲਾਇਸੈਂਸਧਾਰਕਾਂ ’ਤੇ ਕੱਸਿਆ ਸ਼ਿਕੰਜਾ

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਰਵਾਈ ਕਰਦੇ ਹੋਏ ਆਬਕਾਰੀ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਨੇ ਅੱਜ ਆਬਕਾਰੀ ਵਿਭਾਗ ਦੇ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਵਾਹਨਾਂ ਅਤੇ ਮੈਰਿਜ ਪੈਲੇਸਾਂ ਦੀ ਚੈਕਿੰਗ ਦੇ ਨਾਂ ’ਤੇ ਗੁੰਡਾਗਰਦੀ ਕਰਨ ਵਾਲੇ ਆਬਕਾਰੀ ਪ੍ਰਚੂਨ ਲਾਇਸੈਂਸਧਾਰਕਾਂ ਦੁਆਲੇ ਸ਼ਿਕੰਜਾ ਕੱਸਣ ਲਈ ਮੀਟਿੰਗ ਕੀਤੀ। ਇਸ ਵੀਡੀਓ ਕਾਨਫਰੰਸ (ਵੀ. ਸੀ.) ਮੀਟਿੰਗ ਦੌਰਾਨ ਆਬਕਾਰੀ ਕਮਿਸ਼ਨਰ ਨੇ ਕੁਝ ਆਬਕਾਰੀ ਸ਼ਰਾਬ ਠੇਕੇਦਾਰਾਂ ਵੱਲੋਂ ਚੈਕਿੰਗ ਦੇ ਇਸ ਗ਼ੈਰ-ਕਾਨੂੰਨੀ ਅਭਿਆਸ ਨੂੰ ਖ਼ਤਮ ਕਰਨ ਲਈ ਵਿਭਾਗੀ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਜਾਇਜ਼ਾ ਲਿਆ। ਵਿੱਤ ਕਮਿਸ਼ਨਰ ਟੈਕਸੇਸ਼ਨ ਵਿਕਾਸ ਪ੍ਰਤਾਪ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਆਬਕਾਰੀ ਵਿਭਾਗ ਨੂੰ ਇਨ੍ਹਾਂ ਅਨਸਰਾਂ ’ਤੇ ਇਸ ਤਰ੍ਹਾਂ ਨਕੇਲ ਕੱਸਣ ਲਈ ਕਿਹਾ ਗਿਆ ਹੈ ਤਾਂ ਜੋ ਇਨ੍ਹਾਂ ਕੁਝ ਸ਼ਰਾਰਤੀ ਅਨਸਰਾਂ ਦੇ ਹੱਥੋਂ ਆਮ ਜਨਤਾ ਨੂੰ ਹੋ ਰਹੀ ਪ੍ਰੇਸ਼ਾਨੀ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇ।

ਇਸ ਵੀਡੀਓ ਕਾਨਫ਼ਰੰਸ (ਵੀ. ਸੀ.) ਮੀਟਿੰਗ ਦੌਰਾਨ ਆਬਕਾਰੀ ਕਮਿਸ਼ਨਰ ਨੇ ਕੁਝ ਆਬਕਾਰੀ ਪ੍ਰਚੂਨ ਲਾਇਸੈਂਸਧਾਰਕਾਂ ਵੱਲੋਂ ਚੈਕਿੰਗ ਦੀ ਇਸ ਗੈਰ-ਕਾਨੂੰਨੀ ਪ੍ਰਥਾ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਵਿੱਤ ਕਮਿਸ਼ਨਰ ਕਰ ਵਿਕਾਸ ਪ੍ਰਤਾਪ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਤਹਿਤ ਵਿਭਾਗੀ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਜਾਇਜ਼ਾ ਲਿਆ ਤਾਂ ਜੋ ਅਜਿਹੇ ਅਨਸਰਾਂ ਹੱਥੋਂ ਆਮ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਪੂਰੀ ਤਰ੍ਹਾ ਖ਼ਤਮ ਕੀਤਾ ਜਾ ਸਕੇ। ਇਸ ਮੀਟਿੰਗ ਦੌਰਾਨ ਆਬਕਾਰੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਕੁਝ ਲਾਇਸੈਂਸਧਾਰਕਾਂ ਦੇ ਅਜਿਹੇ ਗ਼ੈਰ-ਕਾਨੂੰਨੀ, ਭੱਦੇ ਅਤੇ ਹਮਲਾਵਰ ਵਤੀਰੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਆਦੇਸ਼ ਦਿੱਤੇ ਕਿ ਕਿਸੇ ਵੀ ਹਾਲਤ ਵਿਚ ਆਬਕਾਰੀ ਲਾਇਸੈਂਸਧਾਰਕਾਂ ਨੂੰ ਆਬਕਾਰੀ ਅਮਲੇ ਦੀ ਗੈਰ-ਹਾਜ਼ਰੀ ਵਿੱਚ ਚੈਕਿੰਗ ਕਰਕੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸਬੰਧਤ ਆਬਕਾਰੀ ਅਧਿਕਾਰੀਆਂ ਜਾਂ ਆਬਕਾਰੀ ਇੰਸਪੈਕਟਰਾਂ ਦਾ ਫ਼ਰਜ਼ ਬਣਦਾ ਹੈ ਕਿ ਜਿੱਥੇ ਵੀ ਲੋੜ ਹੋਵੇ ਵਾਹਨਾਂ ਅਤੇ ਮੈਰਿਜ ਪੈਲੇਸਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਇਸ ਮੰਤਵ ਲਈ ਉਨ੍ਹਾਂ ਆਬਕਾਰੀ ਇੰਸਪੈਕਟਰਾਂ ਨੂੰ ਜ਼ਿਲ੍ਹਾ ਪੱਧਰੀ ਰੋਸਟਰ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ।

ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਆਬਕਾਰੀ ਲਾਇਸੈਂਸਧਾਰਕਾਂ ਵੱਲੋਂ ਕਿਸੇ ਵੀ ਨਿੱਜੀ ਵਾਹਨ ’ਤੇ ਆਬਕਾਰੀ ਸਬੰਧੀ ਕੋਈ ਸਟਿੱਕਰ ਜਾਂ ਬੈਨਰ ਨਹੀਂ ਲਗਾਇਆ ਜਾਵੇਗਾ ਅਤੇ ਜੇਕਰ ਕੋਈ ਅਜਿਹਾ ਵਾਹਨ ਸੜਕ 'ਤੇ ਪਾਇਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਜ਼ਬਤ ਕਰ ਲਿਆ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸੁਰੱਖਿਅਤ, ਸਿਹਤਮੰਦ ਅਤੇ ਸਦਭਾਵਨਾ ਵਾਲਾ ਸਮਾਜਿਕ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਲਈ ਕਿਸੇ ਵੀ ਆਬਕਾਰੀ ਲਾਇਸੰਸਧਾਰਕ ਦੀਆਂ ਅਜਿਹੀਆਂ ਸਮਾਜਿਕ ਤੌਰ 'ਤੇ ਅਸਵੀਕਾਰਨਯੋਗ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸੰਦਰਭ ਵਿੱਚ ਕਿਸੇ ਵੀ ਵਿਅਕਤੀ ਵੱਲੋਂ ਕੀਤੀ ਗਈ ਕੁਤਾਹੀ ਨੂੰ ਗੰਭੀਰਤਾ ਨਾਲ ਦੇਖਿਆ ਜਾਵੇਗਾ ਅਤੇ ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
 


author

Manoj

Content Editor

Related News