ਮੋਬਾਈਲ ਅਤੇ ਇਲੈਕਟ੍ਰਾਨਿਕਸ ਦੀ ਦੁਕਾਨ ’ਚੋਂ ਲੱਖਾਂ ਦਾ ਸਾਮਾਨ ਚੋਰੀ

Thursday, Nov 26, 2026 - 05:28 PM (IST)

ਮੋਬਾਈਲ ਅਤੇ ਇਲੈਕਟ੍ਰਾਨਿਕਸ ਦੀ ਦੁਕਾਨ ’ਚੋਂ ਲੱਖਾਂ ਦਾ ਸਾਮਾਨ ਚੋਰੀ

ਫ਼ਿਰੋਜ਼ਪੁਰ (ਕੁਮਾਰ, ਖੁੱਲਰ) : ਥਾਣਾ ਕੁੱਲਗੜ੍ਹੀ ਦੇ ਅਧੀਨ ਪੈਂਦੇ ਫ਼ਿਰੋਜ਼ਪੁਰ-ਫ਼ਰੀਦਕੋਟ ਰੋਡ ਸਥਿਤ ਚੁੰਗੀ ਨੰਬਰ-8 ਨੇੜੇ ਇਕ ਮੋਬਾਈਲ ਅਤੇ ਇਲੈਕਟ੍ਰਾਨਿਕਸ ਦੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਦੁਕਾਨ ਮਾਲਕ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਰੋਬਿਨ ਬਾਗਾ ਪੁੱਤਰ ਸੁਰਿੰਦਰ ਬਾਗਾ ਵਾਸੀ ਹਾਊਸ ਨੰਬਰ-67 ਲੁਹਾਰਾਂ ਵਾਲੀ ਗਲੀ ਆਜ਼ਾਦ ਚੌਕ ਫ਼ਿਰੋਜ਼ਪੁਰ ਛਾਉਣੀ ਨੇ ਦੱਸਿਆ ਕਿ ਚੁੰਗੀ ਨੰਬਰ-8 ਫ਼ਿਰੋਜ਼ਪੁਰ-ਫ਼ਰੀਦਕੋਟ ਰੋਡ ’ਤੇ ਉਸ ਦੀ ਮੋਬਾਈਲ ਅਤੇ ਇਲੈਕਟ੍ਰਾਨਿਕ ਦਾ ਸਾਮਾਨ ਵੇਚਣ ਦੀ ਦੁਕਾਨ ਹੈ।

ਰੋਬਿਨ ਬਾਗਾ ਨੇ ਦੱਸਿਆ ਕਿ 24 ਅਤੇ 25 ਨਵੰਬਰ ਦੀ ਦਰਮਿਆਨੀ ਰਾਤ ਨੂੰ ਕਰੀਬ ਸਵੇਰੇ 4 ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਦੁਕਾਨ ਦਾ ਸ਼ਟਰ ਤੋੜ ਦਿੱਤਾ। ਚੋਰ ਦੁਕਾਨ ਅੰਦਰ ਦਾਖ਼ਲ ਹੋ ਕੇ ਨਵੇਂ ਮੋਬਾਈਲ, ਐਪਲ ਫ਼ੋਨ, ਸਪੀਕਰ, ਐੱਲ. ਈ. ਡੀ., ਜੂਸਰ, ਸੈਕਿੰਡ ਹੈਂਡ ਫ਼ੋਨ ਅਤੇ ਹੋਰ ਕੀਮਤੀ ਇਲੈਕਟ੍ਰਾਨਿਕ ਸਾਮਾਨ ਚੋਰੀ ਕਰਕੇ ਆਪਣੇ ਨਾਲ ਲੈ ਗਏ। ਦੁਕਾਨ ਮਾਲਕ ਮੁਤਾਬਕ ਚੋਰੀ ਹੋਏ ਸਾਰੇ ਸਾਮਾਨ ਦੀ ਕੁੱਲ ਕੀਮਤ ਲੱਗਭਗ 35 ਤੋਂ 40 ਲੱਖ ਰੁਪਏ ਬਣਦੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਹੈੱਡ ਕਾਂਸਟੇਬਲ ਗੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News