ਸਰਕਾਰੀ ਨੌਕਰੀ ਦੇਣ ਦੇ ਸੁਫ਼ਨੇ ਦਿਖਾ ਕੇ ਠੱਗ ਲਏ 14.98 ਲੱਖ ਰੁਪਏ
Thursday, Nov 26, 2026 - 03:17 PM (IST)
ਲੁਧਿਆਣਾ (ਰਾਜ): ਸਰਕਾਰੀ ਨੌਕਰੀ ਦੇ ਸੁਫ਼ਨੇ ਦਿਖਾ ਕੇ ਭੋਲੇ-ਭਾਲੇ ਲੋਕਾਂ ਤੋਂ ਲੱਖਾਂ ਰੁਪਏ ਠੱਗਣ ਵਾਲਾ ਗਿਰੋਹ ਸਰਗਰਮ ਹੈ। ਅਜਿਹਾ ਹੀ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਜੋੜੇ ਨੇ ਆਪਸ ਵਿਚ ਮਿਲੀਭੁਗਤ ਕਰ ਕੇ ਸਰਕਾਰੀ ਨੌਕਰੀ ਲਗਵਾਉਣ ਦਾ ਝਾਂਸਾ ਦਿੰਦਿਆਂ 14 ਲੱਖ 98 ਹਜ਼ਾਰ ਰੁਪਏ ਦੀ ਵੱਡੀ ਠੱਗੀ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮਾਂ ਨੇ ਨਾ ਤਾਂ ਪੀੜਤ ਦੇ ਜਾਣਕਾਰ ਨੂੰ ਨੌਕਰੀ ਲਗਵਾਈ ਤੇ ਨਾ ਹੀ ਲਈ ਗਈ ਰਕਮ ਵਾਪਸ ਕੀਤੀ।
ਸ਼ਿਕਾਇਤਕਰਤਾ ਰਮਨ ਕੁਮਾਰ ਦੀ ਦਰਖ਼ਾਸਤ 'ਤੇ ਜਾਂਚ-ਪੜਤਾਲ ਕਰਨ ਮਗਰੋਂ ਥਾਣਾ ਮੋਤੀ ਨਗਰ ਦੀ ਪੁਲਸ ਨੇ ਮੁਲਜ਼ਮ ਪੰਕਜ ਕੁਮਾਰ ਅਤੇ ਗਗਨਦੀਪ ਕੌਰ ਦੇ ਖ਼ਿਲਾਫ਼ ਧੋਖਾਧੜੀ ਦੀਆਂ ਸੰਗੀਨ ਧਾਰਾਵਾਂ ਦਾ ਦੋਸ਼ ਲਗਾਇਆ ਸੀ ਕਿ ਮੁਲਜ਼ਮ ਗਗਨਦੀਪ ਕੌਰ ਤੇ ਉਸ ਦੇ ਪਤੀ ਪੰਕਜ ਕੁਮਾਰ ਨੇ ਆਪਸ ਵਿਚ ਮਿਲੀਭੁਗਤ ਕਰਰਕੇ ਉਨ੍ਹਾਂ ਦੇ ਇਕ ਜਾਣਕਾਰ ਨੂੰ ਸਰਕਾਰੀ ਨੌਕਰੀ 'ਤੇ ਲਗਵਾਉਣ ਦਾ ਝਾਂਸਾ ਦਿੱਤਾ ਸੀ। ਮੁਲਜ਼ਮਾਂ ਦੀਆਂ ਗੱਲਾਂ ਵਿਚ ਆ ਕੇ ਪੀੜਤ ਧਿਰ ਨੇ ਉਨ੍ਹਾਂ ਨੂੰ ਕੁੱਲ 14 ਲੱਖ 98 ਹਜ਼ਾਰ ਰੁਪਏ ਦੇ ਦਿੱਤੇ, ਪਰ ਮੋਟੀ ਰਕਮ ਵਸੂਲਣ ਮਗਰੋਂ ਮੁਲਜ਼ਮ ਟਾਲਮਟੋਲ ਕਰਨ ਲੱਗ ਪਏ, ਨਾ ਤਾਂ ਉਨ੍ਹਾਂ ਨੂੰ ਸਰਕਾਰੀ ਨੌਕਰੀ ਲਗਵਾਈ ਤੇ ਨਾ ਹੀ ਵਾਰ-ਵਾਰ ਮੰਗਣ 'ਤੇ ਪੈਸੇ ਵਾਪਸ ਕੀਤੇ।
ਪੀੜਤ ਰਮਨ ਕੁਮਾਰ ਦੀ ਸ਼ਿਕਾਇਤ ਮਿਲਣ ਮਗਰੋਂ ਪੁਲਸ ਅਫ਼ਸਰਾਂ ਵੱਲੋਂ ਪੂਰੇ ਮਾਮਲੇ ਤੇ ਲੈਣ-ਦੇਣ ਦੀ ਡੂੰਘਾਈ ਨਾਲ ਜਾਂਚ-ਪੜਤਾਲ ਕੀਤੀ ਗਈ। ਪੜਤਾਲ ਦੌਰਾਨ ਧੋਖਾਧੜੀ ਦੇ ਦੋਸ਼ ਸਹੀ ਪਾਏ ਜਾਣ 'ਤੇ ਸਬੰਧਤ ਥਾਣਾ ਪੁਲਸ ਨੇ ਦੋਹਾਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਪੁਲਸ ਅਫ਼ਸਰਾਂ ਮੁਤਾਬਕ, ਮੁਕੱਦਮਾ ਦਰਜ ਕਰਕੇ ਮਾਮਲੇ ਦੀ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
