ਬੇਸਹਾਰਾ ਗਊ ਕਾਰਨ ਵਾਪਰਿਆ ਭਿਆਨਕ ਹਾਦਸਾ, ਅਮਰੂਦ ਵੇਚ ਕੇ ਪਰਤ ਰਹੇ ਮੁੰਡੇ ਦੀ ਗਈ ਜਾਨ

Thursday, Nov 26, 2026 - 06:00 PM (IST)

ਬੇਸਹਾਰਾ ਗਊ ਕਾਰਨ ਵਾਪਰਿਆ ਭਿਆਨਕ ਹਾਦਸਾ, ਅਮਰੂਦ ਵੇਚ ਕੇ ਪਰਤ ਰਹੇ ਮੁੰਡੇ ਦੀ ਗਈ ਜਾਨ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ)- ਬੀਤੀ ਦੇਰ ਸ਼ਾਮ ਸੁਨਾਮ-ਜਾਖਲ ਸੜਕ ’ਤੇ ਹੋਏ ਹਾਦਸੇ ਦੌਰਾਨ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪੁਲਸ ਚੌਕੀ ਨਵੀਂ ਅਨਾਜ ਮੰਡੀ ਸੁਨਾਮ ਊਧਮ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਗੁਰਸ਼ਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਨਾਮ ਸ਼ਹਿਰ ’ਚ ਆ ਕੇ ਅਮਰੂਦ ਵੇਚਣ ਵਾਲਾ ਪਿੰਡ ਰਾਮਗੜ੍ਹ ਸੰਧਵਾਂ ਦਾ ਸੁਖਵਿੰਦਰ ਸਿੰਘ ਸੁਨਾਮ ਤੋਂ ਅਮਰੂਦ ਵੇਚ ਕੇ ਆਪਣੇ ਘਰ ਪਰਤ ਰਿਹਾ ਸੀ। ਜਿਵੇਂ ਹੀ ਉਹ ਬੀਤੀ ਦੇਰ ਸ਼ਾਮ ਕਰੀਬ ਸਾਢੇ ਕੁ ਸੱਤ ਵਜੇ ਸਥਾਨਕ ਟਰੱਕ ਯੂਨੀਅਨ ਤੋਂ ਥੋੜ੍ਹਾ ਜਿਹਾ ਅੱਗੇ ਗਿਆ ਤਾਂ ਅਚਾਨਕ ਉਸ ਦੇ ਮੋਟਰਸਾਈਕਲ ਅੱਗੇ ਇਕ ਬੇਸਹਾਰਾ ਗਊ ਆ ਗਈ, ਜਿਸ ਕਾਰਨ ਸੁਖਵਿੰਦਰ ਸਿੰਘ (39) ਪੁੱਤਰ ਅੰਮ੍ਰਿਤ ਸਿੰਘ ਵਾਸੀ ਪਿੰਡ ਰਾਮਗੜ੍ਹ ਸੰਧਵਾਂ ਸੜਕ ’ਤੇ ਡਿੱਗ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਸਹਾਇਕ ਥਾਣੇਦਾਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਮ੍ਰਿਤਕ ਦੇ ਭਰਾ ਮਲਕੀਤ ਸਿੰਘ ਦੇ ਬਿਆਨਾਂ ’ਤੇ ਬੀ. ਐੱਨ. ਐੱਸ. ਐੱਸ. ਦੀ ਧਾਰਾ 194 ਤਹਿਤ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਜਦੋਂ ਲੋਕਾਂ ਵੱਲੋਂ ਬੇਸਹਾਰਾ ਗਊ ਨੂੰ ਭਜਾਇਆ ਗਿਆ ਤਾਂ ਇਸ ਦੌਰਾਨ ਉਕਤ ਗਊ ਇਕ ਹੋਰ ਮੋਟਰਸਾਈਕਲ ਸਵਾਰ ਦੇ ਅੱਗੇ ਆ ਗਈ, ਜਿਸ ਕਾਰਨ ਇਕ ਅਣਪਛਾਤਾ ਮੋਟਰਸਾਈਕਲ ਵੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਪੁਲਸ ਪਾਰਟੀ ਵੱਲੋਂ ਸਿਵਲ ਹਸਪਤਾਲ ਸੁਨਾਮ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ।


author

Anmol Tagra

Content Editor

Related News