ਪੰਜਾਬ ਦੀ ਤਕਦੀਰ ਬਦਲਣ ਲਈ ਲੋਕਾਂ ਦੀ ਆਵਾਜ਼ ਨੂੰ ਮੈਨੀਫੈਸਟੋ ਦਾ ਹਿੱਸਾ ਬਣਾਵਾਂਗੇ : ਮਨਪ੍ਰੀਤ ਬਾਦਲ
Thursday, Nov 26, 2026 - 05:07 PM (IST)
ਮਾਨਸਾ : ਪੰਜਾਬ ਦੀ ਸਿਆਸਤ ਦਾ ਭਵਿੱਖ ਸਿਰਫ਼ ਸਿਆਸੀ ਮੰਚਾਂ ਤੋਂ ਕੀਤੇ ਜਾਣ ਵਾਲੇ ਐਲਾਨਾਂ ਨਾਲ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੀਆਂ ਆਸਾਂ, ਉਮੀਦਾਂ ਅਤੇ ਸੁਝਾਵਾਂ ਨਾਲ ਤੈਅ ਹੋਣਾ ਚਾਹੀਦਾ ਹੈ। ਲੋਕਾਂ ਦੀ ਆਵਾਜ਼ ਨੂੰ ਸਰਕਾਰ ਦੀ ਨੀਤੀ ਅਤੇ ਸੂਬੇ ਦੀ ਤਰੱਕੀ ਦਾ ਆਧਾਰ ਬਣਾਉਣ ਦੇ ਇਸੇ ਉਦੇਸ਼ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਲੋਕ ਭਾਗੀਦਾਰੀ ਨਾਲ ਜੋੜਿਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਕੌਮੀ ਮੀਤ ਪ੍ਰਧਾਨ, ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਪਾਰਟੀ ਦੀ ਪੰਜਾਬ ਚੋਣ ਮੈਨੀਫੈਸਟੋ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਭਾਜਪਾ ਦੇ ਜ਼ਿਲ੍ਹਾ ਮਾਨਸਾ ਦਫ਼ਤਰ ਵਿਖੇ ਵਪਾਰੀਆਂ, ਦੁਕਾਨਦਾਰਾਂ ਅਤੇ ਵੱਖ-ਵੱਖ ਕਾਰੋਬਾਰੀ ਵਰਗਾਂ ਨਾਲ ਮੁਲਾਕਾਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਪੰਜਾਬ ਦੀ ਬੁਲਾਰਾ ਅਤੇ ਚੋਣ ਮੈਨੀਫੈਸਟੋ ਕਮੇਟੀ ਦੀ ਮੈਂਬਰ ਸ੍ਰੀਮਤੀ ਪਰਮਪਾਲ ਕੌਰ ਸਿੱਧੂ, ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਵੀ ਮੌਜੂਦ ਸਨ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਭਾਜਪਾ ਦਾ ਮੰਨਣਾ ਹੈ ਕਿ ਪੰਜਾਬ ਦਾ ਚੋਣ ਮੈਨੀਫੈਸਟੋ ਬੰਦ ਕਮਰਿਆਂ ਵਿਚ ਬੈਠ ਕੇ ਨਹੀਂ, ਸਗੋਂ ਪੰਜਾਬ ਦੇ ਲੋਕਾਂ ਨਾਲ ਸਲਾਹ-ਮਸ਼ਵਰਾ ਕਰਕੇ ਤਿਆਰ ਹੋਣਾ ਚਾਹੀਦਾ ਹੈ। ਇਸੇ ਮਕਸਦ ਨਾਲ ਮੈਨੀਫੈਸਟੋ ਕਮੇਟੀ ਦੀ ਸਬ-ਕਮੇਟੀ ਮਾਨਸਾ ਪਹੁੰਚੀ ਹੈ। ਇੱਥੋਂ ਦੇ ਵਪਾਰੀਆਂ ਅਤੇ ਵੱਖ-ਵੱਖ ਕਾਰੋਬਾਰੀ ਵਰਗਾਂ ਨੇ ਆਪਣੇ ਸੁਝਾਅ ਅਤੇ ਮੰਗ ਪੱਤਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਤੋਂ ਕਈ ਬਹੁਤ ਹੀ ਉਸਾਰੂ ਸੁਝਾਅ ਪ੍ਰਾਪਤ ਹੋਏ ਹਨ, ਜਿਨ੍ਹਾਂ ਨੂੰ ਵੱਡੀ ਕਮੇਟੀ ਅੱਗੇ ਰੱਖਿਆ ਜਾਵੇਗਾ। ਹਰ ਵਰਗ ਦੀਆਂ ਲੋੜਾਂ, ਆਸਾਂ ਅਤੇ ਉਮੀਦਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਮੈਨੀਫੈਸਟੋ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ 15 ਦਸੰਬਰ ਤੱਕ ਭਾਜਪਾ ਦਾ ਚੋਣ ਮੈਨੀਫੈਸਟੋ ਜਾਰੀ ਕੀਤਾ ਜਾ ਸਕੇਗਾ। ਪੱਤਰਕਾਰਾਂ ਵੱਲੋਂ ਅਕਾਲੀ ਦਲ ਅਤੇ ਭਾਜਪਾ ਦੇ ਮੁੜ ਸਿਆਸੀ ਗੱਠਜੋੜ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਹ ਗੱਠਜੋੜ ਪੰਜਾਬ ਦੇ ਲੋਕਾਂ ਦੀ ਇੱਛਾ ਅਤੇ ਸੂਬੇ ਦੀ ਬਿਹਤਰੀ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਦਾ ਰਿਸ਼ਤਾ ਸਿਰਫ਼ ਸਿਆਸੀ ਸਮਝੌਤਾ ਨਹੀਂ, ਸਗੋਂ ਪੰਜਾਬ ਦੀ ਸਾਂਝੀ ਵਿਰਾਸਤ, ਹਿੰਦੂ-ਸਿੱਖ ਭਾਈਚਾਰੇ ਦੇ ਪਿਆਰ, ਭਰੋਸੇ ਅਤੇ ਕੁਰਬਾਨੀਆਂ ਦੀ ਸਾਂਝ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਭਾਵੁਕ ਅੰਦਾਜ਼ ਵਿਚ ਕਿਹਾ ਕਿ ਕਈ ਵਾਰ ਭਰਾਵਾਂ ਵਿਚਕਾਰ ਵੀ ਮਨਮੁਟਾਅ ਹੋ ਜਾਂਦਾ ਹੈ ਪਰ ਭਰਾਵਾਂ ਦਾ ਰਿਸ਼ਤਾ ਕਦੇ ਖ਼ਤਮ ਨਹੀਂ ਹੁੰਦਾ। ਅਕਾਲੀ ਦਲ ਅਤੇ ਭਾਜਪਾ ਦੋਵੇਂ ਪੰਜਾਬ ਦੀ ਧਰਤੀ ਨਾਲ ਜੁੜੀਆਂ ਪਾਰਟੀਆਂ ਹਨ ਅਤੇ ਪੰਜਾਬ ਦੀ ਤਰੱਕੀ ਲਈ ਇਕੱਠੇ ਕੰਮ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਾਂਝ ਨੂੰ ਮੁੜ ਮਜ਼ਬੂਤ ਕਰਨਾ ਪੰਜਾਬ ਦੇ ਭਵਿੱਖ ਲਈ ਚੰਗਾ ਸੰਕੇਤ ਹੈ। ਪੰਜਾਬ ਵਿਚ ਨਸ਼ਿਆਂ ਦੇ ਗੰਭੀਰ ਮੁੱਦੇ ਬਾਰੇ ਗੱਲ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਪੰਜਾਬ ਵਿੱਚ ਭਾਜਪਾ ਗਠਜੋੜ ਦੀ ਸਰਕਾਰ ਬਣਦੀ ਹੈ ਤਾਂ 31 ਦਸੰਬਰ 2029 ਤੱਕ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦੇ ਖ਼ਾਤਮੇ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਜ਼ੁਬਾਨੀ ਵਾਅਦਾ ਨਹੀਂ, ਸਗੋਂ ਪਾਰਟੀ ਦੇ ਇਰਾਦੇ ਅਤੇ ਕਾਰਜਸ਼ੈਲੀ ਨਾਲ ਜੁੜਿਆ ਸੰਕਲਪ ਹੈ। ਉਨ੍ਹਾਂ ਭਾਜਪਾ ਦੀਆਂ ਪਿਛਲੀਆਂ ਪ੍ਰਾਪਤੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਸ ਪਾਰਟੀ ਨੇ ਧਾਰਾ 370 ਵਰਗੇ ਵੱਡੇ ਫ਼ੈਸਲੇ ਲਾਗੂ ਕੀਤੇ ਅਤੇ ਅੱਤਵਾਦ ਤੇ ਨਕਸਲਵਾਦ ਵਿਰੁੱਧ ਸਖ਼ਤ ਕਾਰਵਾਈ ਕੀਤੀ, ਉਹ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਨੂੰ ਵੀ ਖ਼ਤਮ ਕਰਨ ਦੀ ਸਮਰੱਥਾ ਰੱਖਦੀ ਹੈ। ਚੋਣਾਂ ਵਿਚ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਸੀਟਾਂ ਦੀ ਵੰਡ ਅਤੇ ਹਲਕਿਆਂ ਵਿਚ ਦਾਅਵੇਦਾਰੀ ਸਬੰਧੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਫ਼ੈਸਲੇ ਦੋਵੇਂ ਪਾਰਟੀਆਂ ਦੀ ਲੀਡਰਸ਼ਿਪ ਆਪਸੀ ਸਹਿਮਤੀ ਨਾਲ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਦੋਵੇਂ ਪਾਰਟੀਆਂ ਵਿਚਕਾਰ ਗੱਲਬਾਤ ਅਤੇ ਸਾਂਝ ਦਾ ਮਾਹੌਲ ਬਣਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਸਭ ਤੋਂ ਵੱਡੀ ਗੱਲ ਇਹ ਨਹੀਂ ਕਿ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈਂਦੀ ਹੈ, ਸਗੋਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜਾਬ ਦੀ ਕਿਸਮਤ ਕਿਵੇਂ ਬਦਲੀ ਜਾਵੇ, ਪੰਜਾਬ ਦੀ ਤਕਦੀਰ ਨੂੰ ਕਿਵੇਂ ਨਵਾਂ ਮੋੜ ਦਿੱਤਾ ਜਾਵੇ ਅਤੇ ਸੂਬੇ ਨੂੰ ਮੁੜ ਖ਼ੁਸ਼ਹਾਲੀ ਦੇ ਰਾਹ 'ਤੇ ਕਿਵੇਂ ਲਿਆਂਦਾ ਜਾਵੇ।
ਅੰਤ ਵਿਚ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਸਾਂਝੀ ਵਿਰਾਸਤ, ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਸਦੀਆਂ ਤੋਂ ਇਸ ਧਰਤੀ ਦੀ ਪਛਾਣ ਰਹੇ ਹਨ। ਇਹ ਸਾਂਝ ਕਿਸੇ ਸਿਆਸੀ ਦੂਰੀ ਨਾਲ ਖ਼ਤਮ ਨਹੀਂ ਹੋ ਸਕਦੀ। ਉਨ੍ਹਾਂ ਆਸ ਪ੍ਰਗਟਾਈ ਕਿ ਅਕਾਲੀ ਦਲ ਅਤੇ ਭਾਜਪਾ ਦੀ ਨਵੀਂ ਸਿਆਸੀ ਸਾਂਝ ਪੰਜਾਬ ਦੀ ਤਰੱਕੀ, ਅਮਨ-ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਨਵਾਂ ਅਧਿਆਇ ਲਿਖੇਗੀ। ਉਨ੍ਹਾਂ ਦੇ ਬਿਆਨਾਂ ਦਾ ਸਾਰ ਇਹੀ ਸੀ ਕਿ ਪੰਜਾਬ ਨੂੰ ਬਦਲਣ ਦੀ ਤਾਕਤ ਪੰਜਾਬ ਦੇ ਲੋਕਾਂ ਵਿੱਚ ਹੈ ਅਤੇ ਜਦੋਂ ਲੋਕਾਂ ਦੀ ਆਵਾਜ਼ ਨੀਤੀਆਂ ਦਾ ਹਿੱਸਾ ਬਣਦੀ ਹੈ, ਉਦੋਂ ਹੀ ਖ਼ੁਸ਼ਹਾਲ ਪੰਜਾਬ ਦੀ ਨੀਂਹ ਮਜ਼ਬੂਤ ਹੁੰਦੀ ਹੈ। ਇਸ ਮੋਕੇ ਪਰਮਪਾਲ ਕੌਰ ਸਿੱਧੂ ਨੇ ਕਿਹਾ ਪੰਜਾਬ ਭਾਰੀ ਬਹੁਮਤ ਸਰਕਾਰ ਬਣੈਗੀ ਇਸ ਮੋਕੇ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਜਿਲਾ ਜਰਨਲ ਸਕੱਤਰ, ਪ੍ਰਧਾਨ ਗੋਮਾ ਰਾਮ, ਅਮਰਜੀਤ ਸਿੰਘ ਕਟੋਦੀਆ, ਪ੍ਰਦੀਪ ਸਿੰਘ ਕਟੋਰੀਆਂ, ਪਰਮਜੀਤ ਸਿੰਘ, ਪ੍ਰੇਮ ਸਾਗਰ ਭੋਲਾ, ਰੋਹਿਤ ਚੋਧਰੀ , ਮਾਧੋ ਰਾਮ , ਅਜੇ ਕੁਮਾਰ ਵੱਡੀ ਗਿਣਤੀ ਵਿਚ ਅਐਸੋਸੇਸ ਨੇ ਮੰਗ ਪੱਤਰ ਸੌਂਪਿਆ।
