ਫ਼ਾਜ਼ਿਲਕਾ ਤੋਂ ਗੰਜੂਆਨਾ ਹਸਤਾ ਰੋਡ ਪਿੰਡ ਕਾਵਾਂ ਤੱਕ ਦੀ ਹਾਲਤ ਖਸਤਾ! 7-8 ਸਾਲਾਂ ਤੋਂ ਨਹੀਂ ਹੋਈ ਮੁਰੰਮਤ

Thursday, Nov 26, 2026 - 05:34 PM (IST)

ਫ਼ਾਜ਼ਿਲਕਾ ਤੋਂ ਗੰਜੂਆਨਾ ਹਸਤਾ ਰੋਡ ਪਿੰਡ ਕਾਵਾਂ ਤੱਕ ਦੀ ਹਾਲਤ ਖਸਤਾ! 7-8 ਸਾਲਾਂ ਤੋਂ ਨਹੀਂ ਹੋਈ ਮੁਰੰਮਤ

ਫ਼ਾਜ਼ਿਲਕਾ (ਕ੍ਰਿਸ਼ਨ): ਫ਼ਾਜ਼ਿਲਕਾ ਤੋਂ ਗੰਜੂਆਨਾ ਹਸਤਾ ਰੋਡ ਪਿੰਡ ਕਾਵਾਂ ਤੱਕ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਦਰਜਨਾਂ ਪਿੰਡਾਂ ਨੂੰ ਸ਼ਹਿਰ ਨਾਲ ਜੋੜਨ ਵਾਲੀ ਇਸ ਮੁੱਖ ਸੜਕ ਦੀ ਪਿਛਲੇ ਕਰੀਬ 7-8 ਸਾਲਾਂ ਤੋਂ ਕੋਈ ਮੁਰੰਮਤ ਨਾ ਹੋਣ ਕਾਰਨ ਥਾਂ-ਥਾਂ ਡੂੰਘੇ ਟੋਏ ਪੈ ਚੁੱਕੇ ਹਨ, ਜਿਸ ਕਾਰਨ ਰਾਹਗੀਰਾਂ, ਸਕੂਲੀ ਬੱਚਿਆਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਏ ਦਿਨ ਸੜਕ ਹਾਦਸੇ ਵਾਪਰ ਰਹੇ ਹਨ।

ਪਿੰਡ ਗੰਜੂਆਨਾ ਹਸਤਾ ਦੇ ਵਸਨੀਕ ਸਤਨਾਮ ਸਿੰਘ, ਪਿੰਡ ਸ਼ਮਸ਼ਾਬਾਦ ਦੇ ਵਸਨੀਕ ਸੁੱਚਾ ਸਿੰਘ ਅਤੇ ਹੋਰ ਲੋਕਾਂ ਨੇ ਸੜਕ ਦੀ ਮਾੜੀ ਹਾਲਤ ਬਿਆਨ ਕਰਦਿਆਂ ਦੱਸਿਆ ਕਿ ਇਸ ਸੜਕ ਵੱਲ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਮੁਲਾਜ਼ਮ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਕਈ ਮੰਤਰੀ ਆਏ ਅਤੇ ਚਲੇ ਗਏ, ਪਰ ਕਿਸੇ ਨੇ ਇਸ ਸੜਕ ਦੀ ਸਾਰ ਨਹੀਂ ਲਈ ਅਤੇ ਲੋਕਾਂ ਨੂੰ ਇਹ ਵੀ ਯਾਦ ਨਹੀਂ ਕਿ ਆਖ਼ਰੀ ਵਾਰ ਇਸਦੀ ਮੁਰੰਮਤ ਕਦੋਂ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਗੰਜੂਆਨਾ ਹਸਤਾ, ਗਾਗਨਕੇ, ਸ਼ਮਸ਼ਾਬਾਦ, ਕਾਵਾਂ ਵਾਲੀ ਤੋਂ ਇਲਾਵਾ ਸਰਹੱਦੀ ਇਲਾਕੇ ਦੇ ਪਿੰਡ ਮਹਾਤਮ ਨਗਰ, ਝੰਗੜ ਭੈਣੀ, ਰੇਤੇਵਾਲੀ ਭੈਣੀ ਅਤੇ ਸਮੇਤ ਕਈ ਪਿੰਡਾਂ ਦੇ ਲੋਕ ਦਿਨ-ਰਾਤ ਲੰਘਦੇ ਹਨ। ਉਨ੍ਹਾਂ ਦੱਸਿਆ ਕਿ ਸਵੇਰੇ 3 ਵਜੇ ਤੋਂ ਹੀ ਸਬਜ਼ੀਆਂ ਵਾਲੇ ਵਾਹਨ, ਟਰੈਕਟਰ-ਟਰਾਲੀਆਂ, ਬੱਸਾਂ ਅਤੇ ਰੇੜੀਆਂ ਦੀ ਲਗਾਤਾਰ ਆਵਾਜਾਈ ਸ਼ੁਰੂ ਹੋ ਜਾਂਦੀ ਹੈ, ਪਰ ਸੜਕ ਇੰਨੀ ਟੁੱਟੀ ਹੋਈ ਹੈ ਕਿ ਇੱਕ ਵਾਹਨ ਦਾ ਲੰਘਣਾ ਵੀ ਬੜਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸਕੂਲੀ ਬੱਚੇ ਅਤੇ ਮੋਟਰਸਾਈਕਲ ਸਵਾਰ ਰਾਹ ਵਿੱਚ ਡਿੱਗ ਕੇ ਜ਼ਖ਼ਮੀ ਹੋ ਚੁੱਕੇ ਹਨ ਅਤੇ ਹਮੇਸ਼ਾ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। 

ਉਨ੍ਹਾਂ ਦੱਸਿਆ ਕਿ ਪਿਛਲੇ 7-8 ਸਾਲਾਂ ਤੋਂ ਸੜਕ ਦੀ ਮੁਰੰਮਤ ਨਾ ਹੋਣ ਕਾਰਨ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ ਅਤੇ ਥਾਂ-ਥਾਂ ਵੱਡੇ-ਵੱਡੇ ਟੋਏ ਪਏ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਰਸਤੇ ਤੋਂ ਰੋਜ਼ਾਨਾ ਕਰੀਬ 20 ਤੋਂ 25 ਪਿੰਡਾਂ ਦੇ ਹਜ਼ਾਰਾਂ ਲੋਕ ਗੁਜ਼ਰਦੇ ਹਨ ਅਤੇ ਲਗਾਤਾਰ ਆਵਾਜਾਈ ਰਹਿੰਦੀ ਹੈ। ਖਰਾਬ ਰਸਤੇ ਕਾਰਨ ਅਕਸਰ ਹਾਦਸੇ ਵਾਪਰ ਜਾਂਦੇ ਹਨ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਰੋਡ ਨੂੰ ਡਬਲ ਅਤੇ ਸਾਫ਼-ਸੁਥਰਾ ਬਣਾਇਆ ਜਾਵੇ ਅਤੇ ਇਸ ਸੜਕ ਦੀ ਸਫ਼ਾਈ ਕਰਵਾ ਕੇ ਇਸ ਨੂੰ ਮਜ਼ਬੂਤ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਹਾਦਸਿਆਂ ਤੋਂ ਬਚਾਅ ਹੋ ਸਕੇ।


author

Anmol Tagra

Content Editor

Related News