ਬਿਜਲੀ ਦਾ ਕੰਮ ਕਰਨ ਆਏ ਵਿਅਕਤੀ ਨੇ ਕੀਤੀ ਚੋਰੀ, ਕੇਸ ਦਰਜ
Saturday, Nov 10, 2018 - 01:21 AM (IST)
ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਬਿਜਲੀ ਦਾ ਕੰਮ ਕਰਨ ਆਏ ਇਕ ਵਿਅਕਤੀ ਵੱਲੋਂ ਘਰ ਵਿਚੋਂ ਗਹਿਣੇ ਅਤੇ ਨਕਦੀ ਚੋਰੀ ਕਰਨ ’ਤੇ ਉਸ ਵਿਰੁੱਧ ਥਾਣਾ ਸਿਟੀ ਸੁਨਾਮ ਵਿਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਅਜੈਬ ਸਿੰਘ ਨੇ ਦੱਸਿਆ ਕਿ ਮੁਦੱਈ ਵਿਵੇਕ ਗਰਗ ਵਾਸੀ ਇੰਦਰਾ ਬਸਤੀ ਸੁਨਾਮ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਪਿਛਲੀ 1 ਨਵੰਬਰ ਨੂੰ ਸਵੇਰੇ 11 ਵਜੇ ਵਰਿੰਦਰ ਕੁਮਾਰ ਵਾਸੀ ਸਾਈਂ ਕਾਲੋਨੀ ਸੁਨਾਮ ਉਸ ਦੇ ਘਰ ਬਿਜਲੀ ਦਾ ਕੰਮ ਕਰਨ ਆਇਆ ਸੀ ਤਾਂ ਮੁਦੱਈ ਉਸ ਨੂੰ ਕੰਮ ਸਮਝਾ ਕੇ ਆਪਣੀ ਦੁਕਾਨ ’ਤੇ ਚਲਾ ਗਿਆ। ਉਸ ਦੇ ਜਾਣ ਮਗਰੋਂ ਮੁਦੱਈ ਦੀ ਮਾਤਾ ਕੋਮਲ ਗਰਗ ਅਤੇ ਦਾਦੀ ਘਰ ’ਚ ਹੀ ਹਾਜ਼ਰ ਸਨ ਅਤੇ ਵਰਿੰਦਰ ਕੁਮਾਰ ਸਾਰਾ ਦਿਨ ਆਪਣਾ ਕੰਮ ਕਰਨ ਤੋਂ ਬਾਅਦ ਸ਼ਾਮ ਨੂੰ ਘਰ ਚਲਾ ਗਿਆ। ਜਦੋਂ ਮੁਦੱਈ ਰਾਤ ਨੂੰ ਆਪਣੇ ਘਰ ਵਾਪਸ ਆਇਆ ਤਾਂ ਉਸ ਨੇ ਆਪਣੀ ਮਾਤਾ ਨੂੰ ਪੈਸਿਆਂ ਵਾਲਾ ਪਰਸ ਲਿਆਉਣ ਲਈ ਕਿਹਾ। ਜਦੋਂ ਉਨ੍ਹਾਂ ਨੇ ਅਲਮਾਰੀ ’ਚ ਦੇਖਿਆ ਤਾਂ ਉਥੇ ਉਕਤ ਪਰਸ ਨਹੀਂ ਸੀ। ਮੁਦੱਈ ਨੇ ਦੱਸਿਆ ਕਿ ਪਰਸ ਵਿਚ ਸੋਨੇ ਦੇ ਗਹਿਣੇ, 200 ਕੈਨੇਡੀਅਨ ਡਾਲਰ ਅਤੇ 15 ਹਜ਼ਾਰ ਰੁਪਏ ਭਾਰਤੀ ਕਰੰਸੀ ਸੀ। ਜੋ ਉਨ੍ਹਾਂ ਨੂੰ ਅਜੇ ਤੱਕ ਨਹੀਂ ਮਿਲੀ। ਮੁਦੱਈ ਨੂੰ ਪੂਰਾ ਯਕੀਨ ਹੈ ਕਿ ਉਸਦੇ ਘਰ ਵਿਚੋਂ ਉਕਤ ਚੋਰੀ ਵਰਿੰਦਰ ਕੁਮਾਰ ਵਾਸੀ ਸੁਨਾਮ ਨੇ ਹੀ ਕੀਤੀ ਹੈ।
