ਰਾਓਵਾਲੀ ’ਚ ਪਟਾਕਾ ਮਾਰਕੀਟ ਲਾਉਣ ਦਾ ਰਸਤਾ ਹੋਇਆ ਸਾਫ਼, ਪੰਚਾਇਤ ਨੇ ਅਦਾਲਤ ’ਚੋਂ ਵਾਪਸ ਲਿਆ ਕੇਸ
Friday, Oct 30, 2026 - 07:06 AM (IST)
ਜਲੰਧਰ (ਖੁਰਾਣਾ, ਸੁਨੀਲ) : ਪਠਾਨਕੋਟ ਰੋਡ ’ਤੇ ਸਥਿਤ ਪਿੰਡ ਰਾਓਵਾਲੀ ਵਿਚ ਅਸਥਾਈ ਪਟਾਕਾ ਮਾਰਕੀਟ ਲਾਉਣ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਵਿਵਾਦ ਆਖਿਰਕਾਰ ਸੁਲਝ ਗਿਆ ਹੈ। ਪਟਾਕਾ ਕਾਰੋਬਾਰੀਆਂ ਅਤੇ ਗ੍ਰਾਮ ਪੰਚਾਇਤ ਵਿਚਕਾਰ ਆਪਸੀ ਸਹਿਮਤੀ ਬਣਨ ਤੋਂ ਬਾਅਦ ਪੰਚਾਇਤ ਨੇ ਅਦਾਲਤ ਵਿਚੋਂ ਕੇਸ ਵਾਪਸ ਲੈ ਲਿਆ ਹੈ। ਇਸ ਦੀ ਪੁਸ਼ਟੀ ਐਡਵੋਕੇਟ ਜਗਪਾਲ ਸਿੰਘ ਧੂਪੜ ਨੇ ਕੀਤੀ। ਇਸ ਘਟਨਾਕ੍ਰਮ ਦੇ ਬਾਅਦ ਹੁਣ ਪਿੰਡ ਰਾਓਵਾਲੀ ਵਿਚ 5.5 ਏਕੜ ਜ਼ਮੀਨ ’ਤੇ ਪਟਾਕਾ ਮਾਰਕੀਟ ਲਾਉਣ ਦਾ ਕੰਮ ਫਿਰ ਸ਼ੁਰੂ ਹੋ ਗਿਆ ਹੈ ਅਤੇ ਮੌਕੇ ’ਤੇ ਅਸਥਾਈ ਦੁਕਾਨਾਂ ਦੀ ਉਸਾਰੀ ਵੀ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਰਾਜਾ ਵੜਿੰਗ ਦੀ ਪ੍ਰੈਸ ਕਾਨਫਰੰਸ, ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ
ਜ਼ਿਕਰਯੋਗ ਹੈ ਕਿ ਪਿੰਡ ਦੀ ਪੰਚਾਇਤ ਦੇ ਵਿਰੋਧ ਤੋਂ ਬਾਅਦ ਸਿਵਲ ਜੱਜ ਜੂਨੀਅਰ ਡਵੀਜ਼ਨ ਗੁਰਪ੍ਰੀਤ ਸਿੰਘ ਦੀ ਅਦਾਲਤ ਨੇ 23 ਅਕਤੂਬਰ ਨੂੰ ਸਬੰਧਤ ਜ਼ਮੀਨ ’ਤੇ ਪਟਾਕਾ ਮਾਰਕੀਟ ਸਥਾਪਤ ਕਰਨ ਅਤੇ ਚਲਾਉਣ ’ਤੇ ਅਗਲੀ ਸੁਣਵਾਈ ਤੱਕ ਰੋਕ ਲਾ ਦਿੱਤੀ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 29 ਅਕਤੂਬਰ ਨੂੰ ਤੈਅ ਕੀਤੀ ਗਈ ਸੀ। ਅਦਾਲਤੀ ਰੋਕ ਕਰ ਕੇ ਉਨ੍ਹਾਂ ਪਟਾਕਾ ਕਾਰੋਬਾਰੀਆਂ ਦੀ ਚਿੰਤਾ ਵਧ ਗਈ ਸੀ, ਜੋ ਦੀਵਾਲੀ ਲਈ ਕਰੋੜਾਂ ਰੁਪਏ ਦੇ ਪਟਾਕੇ ਪਹਿਲਾਂ ਹੀ ਖਰੀਦ ਚੁੱਕੇ ਸਨ। ਦੀਵਾਲੀ ਨੇੜੇ ਹੋਣ ਕਰ ਕੇ ਕਾਰੋਬਾਰੀਆਂ ਦੇ ਸਾਹਮਣੇ ਪਟਾਕੇ ਵੇਚਣ ਦੀ ਵਿਵਸਥਾ ਕਰਨ ਦਾ ਵੱਡਾ ਸਵਾਲ ਖੜ੍ਹਾ ਹੋ ਗਿਆ ਸੀ। ਇਸੇ ਦੌਰਾਨ ਵਿਵਾਦ ਨੂੰ ਸੁਲਝਾਉਣ ਲਈ ਕੁਝ ਆਗੂਆਂ ਰਾਹੀਂ ਪੰਚਾਇਤ ਅਤੇ ਪਟਾਕਾ ਕਾਰੋਬਾਰੀਆਂ ਵਿਚਕਾਰ ਗੱਲਬਾਤ ਚੱਲ ਰਹੀ ਸੀ। ਆਖਿਰਕਾਰ ਦੋਵਾਂ ਧਿਰਾਂ ਵਿਚਕਾਰ ਆਪਸੀ ਸਹਿਮਤੀ ਬਣ ਗਈ ਅਤੇ ਪੰਚਾਇਤ ਮੈਂਬਰਾਂ, ਵਿਸ਼ੇਸ਼ ਤੌਰ ’ਤੇ ਸਰਪੰਚ ਜਸਬੀਰ ਸਿੰਘ ਰਾਣਾ ਨੇ ਅਦਾਲਤ ਤੋਂ ਕੇਸ ਵਾਪਸ ਲੈ ਲਿਆ।
ਇਹ ਵੀ ਪੜ੍ਹੋ : ਚੱਕਰਵਾਤ 'ਅਰਨਬ' ਨੇ ਮਚਾਈ ਭਾਰੀ ਤਬਾਹੀ, 5 ਲੋਕਾਂ ਦੀ ਮੌਤ; 13 ਜ਼ਿਲ੍ਹਿਆਂ 'ਚ ਹੜ੍ਹ ਦਾ ਅਲਰਟ
ਪੰਚਾਇਤ ਅਤੇ ਕਾਰੋਬਾਰੀਆਂ ਵਿਚਕਾਰ ਸਹਿਮਤੀ ਬਣਨ ਨਾਲ ਕਾਰੋਬਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਹੁਣ ਅਸਥਾਈ ਦੁਕਾਨਾਂ ਦੀ ਉਸਾਰੀ ਸ਼ੁਰੂ ਹੋਣ ਨਾਲ ਉਮੀਦ ਹੈ ਕਿ ਪਟਾਕਾ ਮਾਰਕੀਟ ਤਿਆਰ ਕਰਨ ਦਾ ਕੰਮ ਤੇਜ਼ੀ ਨਾਲ ਅੱਗੇ ਵਧੇਗਾ। ਪਿਛਲੇ ਕਈ ਦਿਨਾਂ ਤੋਂ ਅਦਾਲਤੀ ਕਾਰਵਾਈ ਕਰ ਕੇ ਭੰਬਲਭੂਸੇ ਵਿਚ ਪਏ ਕਾਰੋਬਾਰੀਆਂ ਲਈ ਇਹ ਘਟਨਾਕ੍ਰਮ ਵੱਡੀ ਰਾਹਤ ਲੈ ਕੇ ਆਇਆ ਹੈ। ਹੁਣ ਪਟਾਕਾ ਕਾਰੋਬਾਰੀਆਂ ਦੇ ਸਾਹਮਣੇ ਅਗਲੀ ਚੁਣੌਤੀ ਪ੍ਰਸ਼ਾਸਨ ਨਾਲ ਸੰਪਰਕ ਕਰ ਕੇ ਡਰਾਅ ਕਢਵਾਉਣਾ ਹੈ ਕਿਉਂਕਿ ਅਦਾਲਤੀ ਪ੍ਰਕਿਰਿਆ ਕਾਰਨ ਡਰਾਅ ਕੱਢਣ ’ਤੇ ਵੀ ਰੋਕ ਲਾ ਦਿੱਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
