ਸੜਕ ਹਾਦਸੇ ਵਿਚ ਮੰਦਬੁੱਧੀ ਵਿਅਕਤੀ ਦੀ ਮੌਤ

Tuesday, Nov 03, 2026 - 06:12 PM (IST)

ਸੜਕ ਹਾਦਸੇ ਵਿਚ ਮੰਦਬੁੱਧੀ ਵਿਅਕਤੀ ਦੀ ਮੌਤ

ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਕੁਹਾੜਾ ਰੋਡ ’ਤੇ ਦੇਰ ਸ਼ਾਮ 5 ਵਜੇ ਦੇ ਕਰੀਬ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਮੰਦਬੁੱਧੀ ਵਿਅਕਤੀ ਪੱਪੂ (ਕਰੀਬ 55) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਾ ਕਾਲੋਨੀ ਦਾ ਵਾਸੀ ਪੱਪੂ ਜੋ ਕਿ ਦਿਮਾਗੀ ਤੌਰ ’ਤੇ ਸਧਾਰਨ ਹੈ ਅਤੇ ਉਹ ਰੋਜ਼ਾਨਾਂ ਦੀ ਤਰ੍ਹਾਂ ਹੱਥ ਵਿਚ ਪੱਲ੍ਹੀ ਫੜ ਕੇ ਸੜਕ ਕਿਨਾਰੇ ਲੱਕੜੀਆਂ ਇਕੱਠੀਆਂ ਕਰਦਾ ਰਹਿੰਦਾ ਸੀ। ਅੱਜ ਸ਼ਾਮ 5 ਵਜੇ ਉਹ ਕੁਹਾੜਾ ਰੋਡ ’ਤੇ ਸਥਿਤ ਕਪੂਰ ਪੈਲੇਸ ਕੋਲ ਸੜਕ ਕਿਨਾਰੇ ਲੱਕੜੀਆਂ ਇਕੱਠੀਆਂ ਕਰ ਰਿਹਾ ਸੀ ਤਾਂ ਇੱਕ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਵਿਚ ਉਹ ਸਿਰ ਭਾਰ ਸੜਕ ’ਤੇ ਗਿਰ ਗਿਆ। ਇਸ ਹਾਦਸੇ ਵਿਚ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਸੜਕ ਹਾਦਸੇ ਕਾਰਨ ਕਾਰ ਵੀ ਨੁਕਸਾਨੀ ਗਈ ਪਰ ਚਾਲਕ ਉਸ ਨੂੰ ਬੜੀ ਤੇਜ਼ ਰਫ਼ਤਾਰ ਨਾਲ ਭਜਾ ਕੇ ਲੈ ਗਿਆ।

ਸੂਚਨਾ ਮਿਲਣ ’ਤੇ ਮਾਛੀਵਾੜਾ ਪੁਲਸ ਮੌਕੇ ’ਤੇ ਪੁੱਜੀ ਜਿਨ੍ਹਾਂ ਵਲੋਂ ਮ੍ਰਿਤਕ ਪੱਪੂ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਮਰਾਲਾ ਹਸਪਤਾਲ ਵਿਖੇ ਭਿਜਵਾ ਦਿੱਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਹਾਦਸਾ ਕਰਨ ਵਾਲੀ ਕਾਰ ਨੂੰ ਤਲਾਸ਼ ਲਿਆ ਜਾਵੇਗਾ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਕਾਰ ਚਾਲਕ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


author

Gurminder Singh

Content Editor

Related News