ਐੱਸ. ਜੀ. ਪੀ. ਸੀ. ਚੋਣਾਂ ਆਪਣੇ ਹਮਖਿਆਲੀਆਂ ਨਾਲ ਮਿਲ ਕੇ ਲੜਾਂਗੇ: ਢੀਂਡਸਾ

03/01/2020 11:24:13 AM

ਮੋਗਾ (ਸੰਦੀਪ): ਆਉਣ ਵਾਲੀਆਂ ਐੱਸ. ਜੀ. ਪੀ. ਸੀ. ਚੋਣਾਂ ਆਪਣੇ ਹਮਖਿਆਲੀਆਂ ਨਾਲ ਮਿਲ ਕੇ ਲੜਾਂਗੇ ਅਤੇ ਐੱਸ. ਜੀ. ਪੀ. ਸੀ. ਚੋਣਾਂ ਲੜਨ ਵਾਲਾ ਉਮੀਦਵਾਰ ਕਿਸੇ ਵੀ ਰਾਜਨੀਤਕ ਚੋਣ ਜਾਂ ਪਾਰਟੀ ਦਾ ਅਹੁਦਾ ਹਾਸਲ ਨਹੀਂ ਕਰ ਸਕੇਗਾ। ਇਸ ਬਾਰੇ ਸਬੰਧਤ ਉਮੀਦਵਾਰ ਤੋਂ ਹਲਫੀਆ ਬਿਆਨ ਵੀ ਲਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਮੋਗਾ ਵਿਖੇ ਮੈਂਬਰ ਰਾਜ ਸਭਾ ਅਤੇ ਸੀਨੀਅਰ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਸਮਰਥਕ ਟੋਨੀ ਗਿੱਲ ਦੇ ਗ੍ਰਹਿ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਬਜਟ ਸਬੰਧੀ ਆਖਿਆ ਕਿ ਇਹ ਬਜਟ ਕਿਸੇ ਦੇ ਵੀ ਹੱਕ ਵਿਚ ਨਹੀਂ ਹੈ ਅਤੇ ਇਹ ਬਜਟ ਲੋਕ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਨੂੰ ਚੋਣਾਂ ਦੌਰਾਨ ਮਿਲੀ ਭਾਰੀ ਜਿੱਤ ਦਾ ਅਸਰ ਪੰਜਾਬ ਦੀਆਂ ਚੋਣਾਂ 'ਤੇ ਜ਼ਰੂਰ ਪਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਬੀਰ ਸਿੰਘ ਬਾਦਲ ਦੀਆਂ ਗਲਤ ਨੀਤੀਆਂ ਕਾਰਣ ਅਤੇ ਉਸ ਵੱਲੋਂ ਸੀਨੀਅਰ ਅਹੁਦੇਦਾਰਾਂ ਅਤੇ ਆਗੂਆਂ ਨੂੰ ਬਿਨਾਂ ਭਰੋਸੇ 'ਚ ਲਏ ਪਾਰਟੀ ਸਬੰਧੀ ਫੈਸਲੇ ਲੈਣਾ ਬਿਲਕੁਲ ਗਲਤ ਹੈ। ਇਸ ਢੰਗ ਨਾਲ ਲਏ ਗਏ ਫੈਸਲੇ ਪਾਰਟੀ ਹਿੱਤ 'ਚ ਵੀ ਨਹੀਂ ਹਨ। ਇਸੇ ਕਾਰਣ ਹੀ ਟਕਸਾਲੀ ਆਗੂ ਪਾਰਟੀ ਛੱਡਣ ਨੂੰ ਮਜਬੂਰ ਹੋ ਗਏ ਸਨ। ਉਨ੍ਹਾਂ ਦਾ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡਣ ਦਾ ਕਾਰਣ ਸੁਖਬੀਰ ਸਿੰਘ ਬਾਦਲ ਦੀਆਂ ਅਜਿਹੀਆਂ ਨਿਤੀਆਂ ਹਨ। ਦਿੱਲੀ ਦੰਗਿਆਂ ਬਾਰੇ ਉਨ੍ਹਾਂ ਕਿਹਾ ਕਿ ਇਸ ਦੇ ਜ਼ਿੰਮੇਵਾਰਾਂ ਨੂੰ ਨਿਰਪੱਖ ਜਾਂਚ ਤੋਂ ਬਾਅਦ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਮੌਕੇ ਹਰਭੁਪਿੰਦਰ ਸਿੰਘ ਲਾਡੀ, ਟੋਨੀ ਗਿੱਲ, ਰੁਪਿੰਦਰ ਸਿੰਘ ਗਿੱਲ, ਇੰਦਰਪਾਲ ਸਿੰਘ ਗਿੱਲ, ਰਾਜੂ ਸਦਿਉੜਾ, ਆਸ਼ੂ ਗੋਇਲ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਉਨ੍ਹਾਂ ਦੇ ਸਮਰਥਕ ਸ਼ਾਮਲ ਸਨ।


Shyna

Content Editor

Related News