ਪੰਚਾਇਤੀ ਚੋਣਾਂ ’ਚ ਹਾਰ ਤੋਂ ਬੌਖਲਾਏ ਵਿਅਕਤੀ ਨੇ ਗਰਭਵਤੀ ਅੌਰਤ ਤੇ ਉਸ ਦੀ ਸੱਸ ਨੂੰ ਕੁੱਟਿਆ
Tuesday, Jan 01, 2019 - 01:47 AM (IST)
ਅਬੋਹਰ, (ਰਹੇਜਾ, ਸੁਨੀਲ)– ਪੰਚਾਇਤੀ ਚੋਣਾਂ ’ਚ ਹੋਈ ਹਾਰ ਤੋਂ ਬੌਖਲਾਏ ਇਕ ਵਿਅਕਤੀ ਨੇ ਜੇਤੂ ਮੈਂਬਰ ਦੀ ਗਰਭਵਤੀ ਭਾਬੀ ਨੂੰ ਬੇਰਹਿਮੀ ਨਾਲ ਕੁੱਟਿਆ। 9 ਮਹੀਨਿਆਂ ਦੀ ਗਰਭਵਤੀ ਪਿੰਡ ਦੌਲਤਪੁਰਾ ਵਾਸੀ ਦਲਿਤ ਅੌਰਤ ਇੰਦੂ ਬਾਲਾ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਹੈ। ਅੱਧਾ ਕੁ ਦਰਜਨ ਸਾਥੀਆਂ ਨਾਲ ਹਮਸਲਾਹ ਹੋ ਕੇ ਜੇਤੂ ਮੈਂਬਰ ਪੰਚਾਇਤ ਸੂਰਜਭਾਨ ਦੇ ਘਰ ਹਮਲਾ ਕਰਨ ਆਏ ਹਾਰੇ ਉਮੀਦਵਾਰ ਵੱਲੋਂ ਕੀਤੀ ਗਈ ਕੁੱਟ-ਮਾਰ ਦਾ ਸ਼ਿਕਾਰ ਇੰਦੂ ਬਾਲਾ ਤੋਂ ਇਲਾਵਾ ਉਸ ਦੀ ਸੱਸ ਵੀ ਹੋਈ। ਪਿੰਡ ਵਾਸੀਆਂ ਨੇ ਦੋਵਾਂ ਸੱਸ-ਨੂੰਹ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਹੈ। ਸਰਕਾਰੀ ਹਸਪਤਾਲ ’ਚ ਦਾਖਲ ਜੈਤਾ ਦੇਵੀ ਨੇ ਦੱਸਿਆ ਕਿ ਐਤਵਾਰ ਨੂੰ ਸੰਪੰਨ ਹੋਈਆਂ ਚੋਣਾਂ ’ਚ ਉਸ ਦੇ ਪੁੱਤਰ ਸੂਰਜਭਾਨ ਨੇ 142 ਵੋਟਾਂ ਨਾਲ ਮੈਂਬਰ ਦੀ ਚੋਣ ਜਿੱਤੀ, ਜਦਕਿ ਉਸ ਦਾ ਵਿਰੋਧੀ ਤ੍ਰਿਲੋਕ ਚੰਦ ਹਾਰ ਗਿਆ। ਅੱਜ ਸਵੇਰੇ ਸੂਰਜਭਾਨ ਆਪਣੇ ਹਮਾਇਤੀਆਂ ਨਾਲ ਪਿੰਡ ’ਚ ਲੋਕਾਂ ਦਾ ਧੰਨਵਾਦ ਕਰਨ ਗਿਆ ਤਾਂ ਹਾਰੇ ਉਮੀਦਵਾਰ ਦੇ ਪੈਰੀਂ ਹੱਥ ਲਾ ਕੇ ਚੰਗੇ ਭਵਿੱਖ ਲਈ ਆਸ਼ੀਰਵਾਦ ਮੰਗਿਆ ਤੇ ਨਾਲ ਹੀ ਚੋਣਾਂ ਦੌਰਾਨ ਕਿਸੇ ਤਰ੍ਹਾਂ ਦੀ ਹੋਈ ਭੁੱਲ ਬਖਸ਼ਾਉਣ ਦੀ ਬੇਨਤੀ ਵੀ ਕੀਤੀ। ਉਸ ਦੇ ਘਰ ਪਹੁੰਚਣ ਤੋਂ ਥੋਡ਼੍ਹੀ ਦੇਰ ਬਾਅਦ ਹਾਰਿਆ ਉਮੀਦਵਾਰ ਆਪਣੇ ਅੱਧੀ ਕੁ ਦਰਜਨ ਹਮਾਇਤੀਆਂ ਨਾਲ ਉਨ੍ਹਾਂ ਦੇ ਘਰ ਆ ਗਿਆ ਅਤੇ ਹਾਰ ਦੀ ਰੰਜਿਸ਼ ਰੱਖ ਕੇ ਗਰਭਵਤੀ ਇੰਦੂ ਅਤੇ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਆਸ-ਪਾਸ ਦੇ ਗੁਆਂਢੀਆਂ ਨੇ ਪੀਡ਼ਤ ਸੱਸ-ਨੂੰਹ ਨੂੰ ਹਸਪਤਾਲ ਪਹੁੰਚਾਇਆ। ਸਰਕਾਰੀ ਹਸਪਤਾਲ ’ਚ ਇਕੱਤਰ ਹੋਏ ਪਿੰਡ ਵਾਸੀਆਂ ਨੇ ਆਜ਼ਾਦ ਜੇਤੂ ਮੈਂਬਰ ਦੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕਰਦੇ ਹੋਏ ਹਮਲਾਵਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
