ਈ. ਜੀ. ਐੱਸ. ਵਾਲੰਟੀਅਰ ਦੀ ਕੋਰੋਨਾ ਨਾਲ ਹੋਈ ਮੌਤ, ਸਾਥੀਆਂ ਨੇ ਸਰਕਾਰ ਖ਼ਿਲਾਫ਼ ਦਿੱਤਾ ਧਰਨਾ

05/06/2021 3:41:54 PM

ਤਪਾ ਮੰਡੀ (ਸ਼ਾਮ, ਗਰਗ)-ਸਥਾਨਕ ਖੱਟਰਪੱਤੀ ਸਕੂਲ ’ਚ 7 ਸਾਲ ਤੋਂ ਬਤੌਰ ਈ. ਜੀ. ਐੱਸ. ਟੀਚਰ ਦੀ ਸੇਵਾ ਨਿਭਾ ਰਹੀ ਕਾਂਤਾ ਦੇਵੀ (52) ਦੀ ਕੋਰੋਨਾ ਨਾਲ ਮੌਤ ਹੋ ਗਈ ਤਾਂ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਅਤੇ 50 ਲੱਖ ਰੁਪਏ ਕੋਰੋਨਾ ਰਾਸ਼ੀ ਨਾ ਦੇਣ ਦੇ ਰੋਸ ਵਜੋਂ ਈ. ਜੀ. ਐੱਸ. ਵਾਲੰਟੀਅਰ ਯੂਨੀਅਨ ਵੱਲੋਂ ਰਾਮਬਾਗ ’ਚ ਧਰਨਾ ਦੇ ਕੇ ਲਾਸ਼ ਦਾ ਅੰਤਿਮ ਸੰਸਕਾਰ ਰੋਕਣ ਸਬੰਧੀ ਜਾਣਕਾਰੀ ਮਿਲੀ ਹੈ। ਈ. ਜੀ. ਐੱਸ. ਵਾਲੰਟੀਅਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਉਗੋਕੇ, ਹੈੱਡ ਮੁੱਖ ਅਧਿਆਪਕਾ ਸੁਖਪਾਲ ਕੌਰ ਨੇ ਦੱਸਿਆ ਕਿ ਈ. ਜੀ. ਐੱਸ. ਵਾਲੰਟੀਅਰ ਸਰਕਾਰ ਦੇ ਹੁਕਮਾਂ ਅਨੁਸਾਰ ਕੋਰੋਨਾ ਮਹਾਮਾਰੀ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਬੱਚਿਆਂ ਨੂੰ ਘਰ-ਘਰ ਜਾ ਕੇ ਜਾਗਰੂਕ ਕਰਨ, ਆਨਲਾਈਨ ਪੜ੍ਹਾਈ ਕਰਵਾਉਣ ਅਤੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ’ਚ ਦਾਖਲਾ ਕਰਵਾਉਣ ਸਬੰਧੀ ਪ੍ਰੇਰਿਤ ਕਰ ਰਹੇ ਹਨ।

ਇਹ ਵੀ ਪੜ੍ਹੋ : ਸਰਕਾਰੀ ਪ੍ਰਚਾਰ ਦੀ ਖੁੱਲ੍ਹੀ ਪੋਲ, ਲੋਕ ਕੋਰੋਨਾ ਵੈਕਸੀਨ ਲਈ ਤਿਆਰ ਪਰ ਹਸਪਤਾਲਾਂ ਨੇ ਖੜ੍ਹੇ ਕੀਤੇ ਹੱਥ 

ਉਨ੍ਹਾਂ ਵੱਲੋਂ ਕੋਰੋਨਾ ਯੋਧਿਆਂ ਦੀ ਤਰ੍ਹਾਂ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕਾਂਤਾ ਦੇਵੀ 24 ਅਪ੍ਰੈਲ ਨੂੰ ਆਪਣੀ ਡਿਊਟੀ ਨਿਭਾਉਂਦੇ ਹੋਏ ਕੋਰੋਨਾ ਪਾਜ਼ੇਟਿਵ ਹੋਣ ਉਪਰੰਤ ਬਠਿੰਡਾ ਦੇ ਦੋ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਕਰਵਾਉਣ ਤੋਂ ਬਾਅਦ ਉਨ੍ਹਾਂ ਦੀ ਪਰੈਗਮਾ ਹਸਪਤਾਲ ’ਚ ਇਲਾਜ ਅਧੀਨ ਮੌਤ ਹੋ ਗਈ। ਮ੍ਰਿਤਕਾ ਕਾਂਤਾ ਦੇਵੀ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਇਸ ਦੇ ਦੋ ਬੱਚੇ ਹਨ, ਜੋ ਅਨਾਥ ਹੋ ਗਏ ਹਨ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕਾ ਦੇ ਪਰਿਵਾਰ ਨੂੰ 50 ਲੱਖ ਰੁਪਏ ਨਕਦ ਅਤੇ ਪਰਿਵਾਰ ਦੇ ਬੱਚੇ ਨੂੰ ਸਰਕਾਰੀ ਨੌਕਰੀ ਦਾ ਐਲਾਨ ਕਰੇ। ਜੇ ਸਰਕਾਰ ਉਕਤ ਮਦਦ ਦਾ ਐਲਾਨ ਨਹੀਂ ਕਰਦੀ ਤਾਂ ਉਹ ਵਾਲੰਟੀਅਰ ਦਾ ਸਸਕਾਰ ਨਹੀਂ ਕਰਨਗੇ ਅਤੇ ਮੁੱਖ ਮਾਰਗ ਜਾਮ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਦੀ ਹੋਵੇਗੀ। ਇਸ ਮਾਮਲੇ ਸਬੰਧੀ ਜਦੋਂ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਅਤੇ ਥਾਣਾ ਮੁਖੀ ਜਗਜੀਤ ਸਿੰਘ ਘੁਮਾਣ ਨੂੰ ਪਤਾ ਲੱਗਾ ਤਾਂ ਉਨ੍ਹਾਂ ਰਾਮਬਾਗ ’ਚ ਪਹੁੰਚ ਕੇ ਪਰਿਵਾਰ ਅਤੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਹੀ ਕੁਝ ਦੱਸ ਸਕਦੇ ਹਨ।

ਇਸ ਸਬੰਧੀ ਜਦ ਐੱਸ. ਐੱਮ. ਓ. ਤਪਾ ਜਸਬੀਰ ਸਿੰਘ ਔਲਖ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਈ. ਜੀ. ਐੱਸ. ਵਾਲੰਟੀਅਰ ਦੀ ਕੋਰੋਨਾ ਨਾਲ ਮੌਤ ਹੋਈ ਹੈ, ਸਿਹਤ ਵਿਭਾਗ ਦੀ ਟੀਮ ਸੰਸਕਾਰ ਕਰਨ ਗਈ ਸੀ ਪਰ ਪਰਿਵਾਰ ਵੱਲੋਂ ਸਸਕਾਰ ਕਰਨ ਤੋਂ ਰੋਕ ਦਿੱਤਾ ਗਿਆ ਹੈ। ਹੁਣ ਇਹ ਮਾਮਲਾ ਪ੍ਰਸ਼ਾਸਨ ਨੇ ਦੇਖਣਾ ਹੈ। ਇਸ ਮੌਕੇ ਡੀ. ਟੀ. ਐੱਫ. ਯੂਨੀਅਨ, ਜਸਵੰਤ ਰਾਏ, ਅਨੀਤਾ ਰਾਣੀ, ਕਰਮਜੀਤ ਕੌਰ, ਨਿਰਮਲ ਸਿੰਘ, ਦਰਸ਼ਨ ਸਿੰਘ, ਸੁਨੈਣਾ, ਸ਼ਿੰਦਰਪਾਲ ਕੌਰ, ਸੁਨੀਤਾ ਦੇਵੀ ਆਦਿ ਸਮੂਹ ਸਟਾਫ ਹਾਜ਼ਰ ਸੀ।
 


Manoj

Content Editor

Related News