ਸਿੱਖਿਆ ਮੰਤਰੀ ਦੀ ਕੋਠੀ ਘੇਰਣਗੇ ਬੇਰੋਜ਼ਗਾਰ ਬੀ. ਐੱਡ ਅਧਿਆਪਕ

Sunday, Mar 01, 2020 - 11:57 AM (IST)

ਸਿੱਖਿਆ ਮੰਤਰੀ ਦੀ ਕੋਠੀ ਘੇਰਣਗੇ ਬੇਰੋਜ਼ਗਾਰ ਬੀ. ਐੱਡ ਅਧਿਆਪਕ

ਸੰਗਰੂਰ (ਬੇਦੀ): ਸਿੱਖਿਆ ਵਿਭਾਗ ਪੰਜਾਬ ਵੱਲੋਂ ਬਾਰਡਰ ਏਰੀਏ ਦੇ ਸਕੂਲਾਂ 'ਚ ਅਧਿਆਪਕਾਂ ਦੀ ਭਰਤੀ ਲਈ ਜਾਰੀ ਕੀਤੇ ਇਸ਼ਤਿਹਾਰ ਨੂੰ ਟੈੱਟ ਪਾਸ ਬੇਰੋਜ਼ਗਾਰ ਬੀ. ਐੱਡ ਅਧਿਆਪਕ ਯੂਨੀਅਨ ਨੇ ਕੋਝਾ ਮਜ਼ਾਕ ਕਰਾਰ ਦਿੱਤਾ ਹੈ। 2182 ਅਸਾਮੀਆਂ ਦੇ ਇਸ਼ਤਿਹਾਰ ਅਧੀਨ ਪੰਜਾਬੀ ਦੀਆਂ 60, ਹਿੰਦੀ ਦੀਆਂ 40 ਅਤੇ ਸਮਾਜਕ ਸਿੱਖਿਆ ਵਿਸ਼ੇ ਦੀਆਂ 52 ਅਸਾਮੀਆਂ ਲਈ ਵਿਭਾਗ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ ਬੇਰੋਜ਼ਗਾਰ ਬੀ. ਐੱਡ ਅਧਿਆਪਕ ਪਿਛਲੇ 5 ਮਹੀਨਿਆਂ ਤੋਂ ਸੰਗਰੂਰ ਵਿਖੇ ਪੱਕਾ ਧਰਨਾ ਲਾ ਕੇ ਪੰਜਾਬ ਭਰ 'ਚ ਖਾਲੀ ਪਈਆਂ ਅਧਿਆਪਕ ਅਸਾਮੀਆਂ ਭਰਨ ਦੀ ਮੰਗ ਕਰ ਰਹੇ ਸਨ। ਸੰਘਰਸ਼ ਦੌਰਾਨ ਪੰਜ ਵਾਰ ਬੇਰੋਜ਼ਗਾਰ ਅਧਿਆਪਕਾਂ ਨੂੰ ਲਾਠੀਚਾਰਜ ਵੀ ਸਹਿਣਾ ਪਿਆ। ਪੰਜਾਬ ਭਰ 'ਚ ਕਰੀਬ 50 ਹਜ਼ਾਰ ਟੈੱਟ/ਅਧਿਆਪਕ ਯੋਗਤਾ ਪ੍ਰੀਖਿਆ ਪਾਸ ਉਮੀਦਵਾਰ ਹਨ, ਜਿਨ੍ਹਾਂ ਦਾ ਵੱਡਾ ਹਿੱਸਾ ਪੰਜਾਬੀ, ਹਿੰਦੀ ਅਤੇ ਸਮਾਜਕ ਸਿੱਖਿਆ ਵਿਸ਼ੇ ਵਾਲੇ ਉਮੀਦਵਾਰਾਂ ਦਾ ਹੈ ਪਰ ਵਿਭਾਗ ਵੱਲੋਂ ਸਿਰਫ 152 ਅਸਾਮੀਆਂ ਕੱਢਣਾ ਜਿਥੇ ਬੇਰੋਜ਼ਗਾਰ ਅਧਿਆਪਕਾਂ ਲਈ ਕੋਝਾ ਮਜ਼ਾਕ ਹੈ, ਉਥੇ ਸਰਕਾਰ ਵੱਲੋਂ ਖਜ਼ਾਨਾ ਭਰਨ ਲਈ ਕੀਤਾ ਗਿਆ ਯਤਨ ਹੈ। ਉਨ੍ਹਾਂ ਕਿਹਾ ਕਿ ਟੈਸਟ ਪਾਸ ਕਰਨ ਦੇ ਬਾਵਜੂਦ ਉਮੀਦਵਾਰ ਬੇਰੋਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ, ਹਜ਼ਾਰਾਂ ਉਮੀਦਵਾਰ ਨੌਕਰੀ ਲਈ ਨਿਰਧਾਰਿਤ ਉਮਰ ਦੀ ਸੀਮਾ ਵੀ ਲੰਘਾ ਚੁੱਕੇ ਹਨ, ਜਿਸ ਕਰ ਕੇ ਉਹ ਉਮਰ ਹੱਦ 37 ਤੋਂ 42 ਸਾਲ ਕੀਤੇ ਜਾਣ ਦੀ ਵੀ ਮੰਗ ਕਰਦੇ ਹਨ। ਅੱਜ 1 ਮਾਰਚ ਨੂੰ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਘਿਰਾਓ ਕੀਤੇ ਜਾਣ ਬਾਰੇ ਢਿੱਲਵਾਂ ਨੇ ਕਿਹਾ ਕਿ ਰੋਜ਼ਗਾਰ ਪ੍ਰਾਪਤੀ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।


author

Shyna

Content Editor

Related News