'ਚਿੱਟੇ' ਦੀ ਓਵਰਡੋਜ਼ ਨੇ ਲਈ ਜਾਨ, 2 ਦੋਸਤ ਨਾਮਜ਼ਦ

09/16/2019 9:56:17 AM

ਮੋਗਾ (ਆਜ਼ਾਦ)—ਪਿੰਡ ਢੋਲੇਵਾਲਾ ਨਿਵਾਸੀ ਅਸ਼ੋਕ ਕੁਮਾਰ (38), ਜੋ ਦੋ ਬੱਚਿਆਂ ਦਾ ਪਿਉ ਸੀ, ਦੀ ਚਿੱਟੇ ਦੀ ਓਵਰਡੋਜ਼ ਕਾਰਣ ਮੌਤ ਹੋ ਗਈ, ਜਿਸ ਦੀ ਲਾਸ਼ ਪਿੰਡ ਦੇ ਸਰਕਾਰੀ ਸਕੂਲ ਕੋਲੋਂ ਅੱਜ ਸਵੇਰੇ ਮਿਲੀ। ਘਟਨਾ ਦਾ ਪਤਾ ਲੱਗਣ 'ਤੇ ਥਾਣਾ ਧਰਮਕੋਟ ਦੇ ਇੰਚਾਰਜ ਕਸ਼ਮੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਕੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਜਾਣਕਾਰੀ ਦਿੰਦਿਆਂ ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕਾ ਅਸ਼ੋਕ ਕੁਮਾਰ ਪੁੱਤਰ ਹੰਸ ਰਾਜ ਇਕ ਹਫਤਾ ਪਹਿਲਾਂ ਹੀ ਮਲੇਸ਼ੀਆ ਤੋਂ ਆਇਆ ਸੀ, ਜਦਕਿ ਉਸ ਦੀ ਪਤਨੀ ਰੇਨੂੰ ਕੌਰ ਸਿੰਗਾਪੁਰ ਰਹਿੰਦੀ ਹੈ।

ਜਗਤਾਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਭਰਾ ਅਸ਼ੋਕ ਕੁਮਾਰ ਨੂੰ ਉਸ ਦੇ ਦੋਸਤ ਰਾਜੂ ਸਿੰਘ ਅਤੇ ਸ਼ੀਸ਼ਾ ਸਿੰਘ 14 ਸਤੰਬਰ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਆਪਣੇ ਨਾਲ ਲੈ ਗਏ ਸਨ, ਜਦ ਦੇਰ ਰਾਤ ਤੱਕ ਉਹ ਘਰ ਨਾ ਪਹੁੰਚਿਆ ਤਾਂ ਅਸੀਂ ਉਸ ਦੀ ਬਹੁਤ ਤਲਾਸ਼ ਕੀਤੀ ਪਰ ਉਸ ਦਾ ਕੋਈ ਸੁਰਾਗ ਨਾ ਮਿਲਿਆ। ਅੱਜ ਸਾਨੂੰ ਸਵੇਰੇ ਸਾਢੇ 7 ਵਜੇ ਦੇ ਕਰੀਬ ਪਤਾ ਲੱਗਾ ਕਿ ਅਸ਼ੋਕ ਕੁਮਾਰ ਦੀ ਲਾਸ਼ ਪਿੰਡ ਦੇ ਸਰਕਾਰੀ ਸਕੂਲ ਕੋਲ ਪਈ ਹੈ। ਉਸ ਨੇ ਦੱਸਿਆ ਕਿ ਮੇਰੇ ਭਰਾ ਨੂੰ ਉਸ ਦੇ ਦੋਸਤ ਪਿੰਡ ਦੇ ਸਰਕਾਰੀ ਸਕੂਲ ਦੇ ਪਿੱਛੇ ਲੈ ਗਏ ਅਤੇ ਉਥੇ ਤਿੰਨੋਂ ਜਣਿਆਂ ਨੇ ਮਿਲ ਕੇ ਚਿੱਟੇ ਦਾ ਸੇਵਨ ਕੀਤਾ, ਮੇਰੇ ਭਰਾ ਦੀ ਚਿੱਟੇ ਦੀ ਓਵਰਡੋਜ਼ ਕਾਰਣ ਮੌਤ ਹੋ ਗਈ। ਮੇਰੇ ਭਰਾ ਦੀ ਉਨ੍ਹਾਂ ਵੱਲੋਂ ਕੁੱਟ-ਮਾਰ ਵੀ ਕੀਤੀ ਗਈ ਹੈ ਅਤੇ ਉਸ ਕੋਲੋਂ 3500 ਰੁਪਏ, ਜੋ ਕਣਕ ਵਿੱਕਰੀ ਦੇ ਸਨ, ਉਹ ਨਾਲ ਲੈ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਧਰਮਕੋਟ ਪੁਲਸ ਵੱਲੋਂ ਜਗਤਾਰ ਸਿੰਘ ਪੁੱਤਰ ਹੰਸ ਰਾਜ ਦੇ ਬਿਆਨਾਂ 'ਤੇ ਰਾਜੂ ਸਿੰਘ ਪੁੱਤਰ ਗੁਰਦੀਪ ਸਿੰਘ ਅਤੇ ਸ਼ੀਸ਼ਾ ਸਿੰਘ ਪੁੱਤਰ ਸੇਵਾ ਸਿੰਘ ਦੋਨੋਂ ਨਿਵਾਸੀ ਪਿੰਡ ਢੋਲੇਵਾਲਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਤਲਾਸ਼ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਲਾਸ਼ ਨੂੰ ਸਿਵਲ ਹਸਪਤਾਲ ਮੋਗਾ 'ਚ ਰੱਖਿਆ ਗਿਆ ਹੈ। ਪਤਨੀ ਰੇਨੂੰ ਕੌਰ ਦੇ ਸਿੰਗਾਪੁਰ ਤੋਂ ਵਾਪਸ ਆਉਣ 'ਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।


Shyna

Content Editor

Related News