ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਸ਼ਾਮਲ 4 ਪੁਲਸ ਮੁਲਾਜ਼ਮ ਡਿਸਮਿਸ
Monday, Aug 06, 2018 - 09:42 PM (IST)

ਪਟਿਆਲਾ,(ਬਲਜਿੰਦਰ)— ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਨਸ਼ਿਆਂ ਤੇ ਭ੍ਰਿਸ਼ਟਾਚਾਰ 'ਚ ਸ਼ਾਮਲ 4 ਮੁਲਾਜ਼ਮਾਂ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਧੂ ਨੇ ਦੱਸਿਆ ਕਿ ਸਰਕਾਰ ਵਲੋਂ ਨਸ਼ਿਆਂ ਅਤੇ ਰਿਸ਼ਵਤਖੋਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਦਿੱਤੇ ਨਿਰਦੇਸ਼ਾਂ ਤਹਿਤ ਸਖਤ ਕਾਰਵਾਈ ਕਰਦਿਆਂ ਇਨ੍ਹਾਂ ਮੁਲਾਜ਼ਮਾਂ ਨੂੰ ਵਿਭਾਗੀ ਪੜਤਾਲ 'ਚ ਨਸ਼ਿਆਂ ਅਤੇ ਰਿਸ਼ਵਤ ਦੇ ਕੇਸਾਂ 'ਚ ਦੋਸ਼ੀ ਪਾਇਆ ਗਿਆ ਹੈ। ਤਿੰਨ ਮੁਲਾਜ਼ਮਾਂ ਨੂੰ ਨਸ਼ਿਆਂ ਦੇ ਕੇਸਾਂ ਵਿਚ ਅਤੇ ਇਕ ਨੂੰ ਰਿਸ਼ਵਤ ਦੇ ਕੇਸ ਵਿਚ ਡਿਸਮਿਸ ਕੀਤਾ ਗਿਆ ਹੈ।
ਐੈੱਸ. ਐੈੱਸ. ਪੀ. ਨੇ ਦੱਸਿਆ ਕਿ ਏ. ਐੈੱਸ. ਆਈ. (ਲੋਕਲ ਰੈਂਕ) ਬਲਵਿੰਦਰ ਸਿੰਘ ਬੈਲਟ ਨੰਬਰ 1113/ਪੀ. ਟੀ. ਐੱਲ. ਨੂੰ 8 ਹਜ਼ਾਰ ਰਿਸ਼ਵਤ ਦੇ ਕੇਸ ਵਿਚ ਵਿਭਾਗੀ ਜਾਂਚ ਤੋਂ ਬਾਅਦ ਡਿਸਮਿਸ ਕੀਤਾ ਗਿਆ ਹੈ। ਹੌਲਦਾਰ ਰਣਜੀਤ ਸਿੰਘ ਬੈਲਟ ਨੰਬਰ 2600/ਪੀ. ਟੀ. ਐੱਲ. ਜੋ ਪੀ. ਸੀ. ਆਰ. ਪਟਿਆਲਾ ਵਿਖੇ ਤਾਇਨਾਤ ਸੀ, ਨੂੰ 20 ਕਿਲੋ ਭੁੱਕੀ ਨਾਲ ਗ੍ਰਿਫਤਾਰ ਕਰਨ ਤੋਂ ਬਾਅਦ ਡਿਸਮਿਸ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿਪਾਹੀ ਸੋਮ ਨਾਥ ਬੈਲਟ ਨੰਬਰ 452/ਪੀ. ਟੀ. ਐੈੱਲ. ਜੋ ਪੁਲਸ ਲਾਈਨ ਪਟਿਆਲਾ ਵਿਖੇ ਤਾਇਨਾਤ ਸੀ, ਨੂੰ 2 ਕਿਲੋ 10 ਗਰਾਮ ਅਫ਼ੀਮ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਵੀ ਡਿਸਮਿਸ ਕੀਤਾ ਗਿਆ ਹੈ। ਚੌਥੇ ਡਿਸਮਿਸ ਕੀਤੇ ਗਏ ਸਿਪਾਹੀ ਜਗਵਿੰਦਰ ਸਿੰਘ ਬੈਲਟ ਨੰਬਰ 99/ਪੀ. ਟੀ. ਐੈੱਲ. ਜੋ ਪੁਲਸ ਲਾਈਨ ਪਟਿਆਲਾ ਵਿਖੇ ਤਾਇਨਾਤ ਸੀ, ਨੂੰ 15 ਗਰਾਮ 60 ਮਿਲੀਗਰਾਮ ਸਮੈਕ ਨਾਲ ਗ੍ਰਿਫਤਾਰ ਕਰ ਕੇ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ।
੍ਰਇਥੇ ਇਹ ਦੱਸਣਯੋਗ ਹੈ ਕਿ ਏ. ਐੈੱਸ. ਆਈ. ਬਲਵਿੰਦਰ ਸਿੰਘ ਨੂੰ ਵਿਜੀਲੈਂਸ ਨੇ 5 ਜਨਵਰੀ 2015 ਨੂੰ 8 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਵਿਭਾਗੀ ਪੜਤਾਲ ਐੈੱਸ. ਪੀ. ਇਨਵੈਸਟੀਗੇਸ਼ਨ ਵੱਲੋਂ ਕੀਤੀ ਗਈ। ਐੱਸ. ਪੀ. ਇਨਵੈਸਟੀਗੇਸ਼ਨ ਨੇ 39 ਸਤੰਬਰ 2015 ਨੂੰ ਆਪਣੀ ਰਿਪੋਰਟ ਸਬਮਿਟ ਕੀਤੀ। ਇਸ ਵਿਚ ਬਲਵਿੰਦਰ ਸਿੰਘ ਦੋਸ਼ੀ ਪਾਇਆ ਗਿਆ ਸੀ। ਉਨ੍ਹਾਂ ਨੇ ਆਪਣੀ ਰਿਪੋਰਟ ਵਿਚ ਬਲਵਿੰਦਰ ਸਿੰਘ ਨੂੰ ਡਿਸਮਿਸ ਕਰਨ ਦੀ ਸਿਫਾਰਸ਼ ਕੀਤੀ ਸੀ। ਹੌਲਦਾਰ ਰਣਜੀਤ ਸਿੰਘ ਦੀ 20 ਕਿਲੋ ਭੁੱਕੀ ਦੇ ਮਾਮਲੇ ਵਿਚ ਗ੍ਰਿਫਤਾਰੀ ਤੋਂ ਬਾਅਦ ਇਸ ਦੀ ਵਿਭਾਗੀ ਜਾਂਚ ਡੀ. ਐੈੱਸ. ਪੀ. ਟਰੈਫਿਕ ਨੇ ਕੀਤੀ ਤੇ 11 ਜੁਲਾਈ 2016 ਨੂੰ ਪੇਸ਼ ਕੀਤੀ ਗਈ ਰਿਪੋਰਟ ਵਿਚ ਹੌਲਦਾਰ ਰਣਜੀਤ ਸਿੰਘ ਨੂੰ ਡਿਸਮਿਸ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਸਿਪਾਹੀ ਸੋਮਨਾਥ ਦੀ 2 ਕਿਲੋ 10 ਗ੍ਰਾਮ ਅਫੀਮ ਦੀ ਸਮੱਗਲਿੰਗ ਵਿਚ ਸ਼ਾਮਲ ਹੋਣ ਦੀ ਜਾਂਚ ਡੀ. ਐੈੱਸ. ਪੀ. ਦਿਹਾਤੀ ਵੱਲੋਂ ਕੀਤੀ ਗਈ ਅਤੇ 9 ਅਕਤੂਬਰ 2015 ਨੂੰ ਪੇਸ਼ ਕੀਤੀ ਰਿਪੋਰਟ ਵਿਚ ਡਿਸਮਿਸ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਜਗਵਿੰਦਰ ਸਿੰਘ 'ਤੇ 15 ਗ੍ਰਾਮ 60 ਮਿਲੀਗ੍ਰਾਮ ਸਮੈਕ ਸਮੱਗਲਿੰਗ ਦੇ ਦੋਸ਼ ਦੀ ਜਾਂਚ ਡੀ. ਐੈੱਸ. ਪੀ. ਟਰੈਫਿਕ ਨੇ ਕੀਤੀ ਅਤੇ ਉਨ੍ਹਾਂ ਨੇ 20 ਦਸੰਬਰ 2017 ਨੂੰ ਆਪਣੀ ਰਿਪੋਰਟ ਪੇਸ਼ ਕੀਤੀ, ਜਿਸ ਵਿਚ ਜਗਵਿੰਦਰ ਸਿੰਘ ਨੂੰ ਡਿਸਮਿਸ ਕਰਨ ਦੀ ਸਿਫਾਰਸ਼ ਕੀਤੀ ਗਈ। ਚਾਰੇ ਇਨਕੁਆਰੀਆਂ ਕਾਫੀ ਦੇਰ ਪਹਿਲਾਂ ਹੋ ਚੁੱਕੀਆਂ ਹਨ। ਅਜੇ ਤੱਕ ਫਾਈਲਾਂ ਵਿਚ ਹੀ ਦਬੀਆਂ ਹੋਈਆਂ ਸਨ। ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੁ ਨੇ ਆਉਂਦੇ ਚਾਰੇ ਫਾਈਲਾਂ ਨੂੰ ਕਢਵਾਇਆ ਅਤੇ ਉਪਰੋਕਤ ਪੇਸ਼ ਕੀਤੀਆਂ ਗਈਆਂ ਰਿਪੋਰਟਾਂ ਦੇ ਆਧਾਰ 'ਤੇ ਡਿਸਮਿਸ ਕਰ ਦਿੱਤਾ।