ਨਸ਼ੇ ਦੀ ਓਵਰਡੋਜ਼ ਕਰਨ ਤੋਂ ਬਾਅਦ ਨਸ਼ੇੜੀ ਲੜਦਾ ਰਿਹਾ ਜ਼ਿੰਦਗੀ ਤੇ ਮੌਤ ਦੀ ਜੰਗ

Monday, Jan 20, 2020 - 08:20 PM (IST)

ਜਲਾਲਾਬਾਦ,(ਨਿਖੰਜ, ਜਤਿੰਦਰ)-2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੀ ਸਰਕਾਰ ਨੇ ਸੱਤਾ 'ਤੇ ਕਾਬਜ਼ ਹੋਣ ਲਈ ਪੰਜਾਬ ਦੀ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਅਤੇ ਜਿਸ 'ਚ ਅਹਿਮ ਵਾਅਦਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੱਥ 'ਚ ਸ੍ਰੀ ਗੁਟਕਾ ਸਾਹਿਬ ਫੜ ਕੇ ਪੰਜਾਬ 'ਚੋਂ 4 ਹਫਤਿਆਂ 'ਚ ਨਸ਼ੇ ਨੂੰ ਖਤਮ ਕਰਨ ਦਾ ਪੰਜਾਬ ਦੀ ਜਨਤਾ ਨਾਲ ਕੀਤਾ ਗਿਆ ਸੀ। ਕਾਂਗਰਸ ਸਰਕਾਰ ਦੇ ਸੱਤਾ 'ਚ ਆਏ ਨੂੰ ਦਿਨ 3 ਸਾਲ ਤੋਂ ਵਧ ਦਾ ਸਮਾਂ ਹੋਣ ਤੋਂ ਬਾਅਦ ਵੀ ਪੰਜਾਬ ਦੇ ਪਿੰਡਾਂ 'ਚ ਚਿੱਟੇ ਨਸ਼ੇ ਦੀ ਵਿਕਰੀ ਜ਼ੋਰਾਂ 'ਤੇ ਚੱਲ ਰਹੀ ਅਤੇ ਆਏ ਦਿਨ ਨਸ਼ੇ ਦੀ ਓਵਰਡੋਜ਼ ਨਾਲ ਮਾਵਾਂ ਦੇ ਪੁੱਤ ਨਸ਼ੇ ਦੀ ਬਲੀ ਚੜ੍ਹ ਰਹੇ ਹਨ। ਚਿੱਟੇ ਦੇ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਦੀ ਸਰਕਾਰ ਅਤੇ ਪੁਲਸ ਵੀ ਪੂਰੀ ਤਰ੍ਹਾਂ ਨਾਲ ਫੇਲ ਹੋ ਚੁੱਕੀ ਹੈ। ਇਸ ਤਰ੍ਹਾਂ ਦੀ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਅੱਜ 'ਜਗ ਬਾਣੀ' ਦੀ ਟੀਮ ਨੇ ਆਪਣੇ ਕੈਮਰੇ 'ਚ ਕੈਦ ਕਰ ਕੇ ਪੰਜਾਬ ਸਰਕਾਰ ਦੀ ਨਸ਼ਾ ਮੁਕਤ ਮੁਹਿੰਮ ਦੀ ਪੋਲ ਖੋਲ੍ਹੀ ਹੈ। ਜ਼ਿਲਾ ਫਾਜ਼ਿਲਕਾ ਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਟਿਵਾਨਾਂ ਕਲਾਂ 'ਚ ਚਿੱਟੇ ਨਸ਼ੇ ਦੀ ਸਮੱਗਲਿੰਗ ਦਾ ਗੌਰਖਧੰਦਾ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਅਤੇ ਪਿੰਡ ਟਿਵਾਨਾਂ ਕਲਾਂ ਦੇ ਨਸ਼ਾ ਸਮੱਗਲਰ ਪੁਲਸ ਦੇ ਡਰ ਤੋਂ ਬੇਖੌਫ ਹੋ ਕੇ ਸ਼ਰੇਆਮ ਨੌਜਵਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ ਅਤੇ ਪਿੰਡ ਦੇ ਲੋਕ ਵਾਰ-ਵਾਰ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਨਸ਼ੇ ਨੂੰ ਬੰਦ ਕਰਵਾਉਣ ਲਈ ਗੁਹਾਰ ਲਾ ਚੁੱਕੇ ਹਨ ਅਤੇ ਪੁਲਸ ਵੱਲੋਂ ਸਿਰਫ ਖਾਨਾਪੂਰਤੀ ਦੇ ਨਾਂ 'ਤੇ ਹੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਇਸ ਪਿੰਡ ਦੇ ਕਈ ਨੌਜਵਾਨ ਨਸ਼ੇੜੀ ਹੋ ਕੇ ਆਪਣੇ ਮਾਪਿਆਂ ਲਈ ਮੁਸਬਤ ਤੋਂ ਘੱਟ ਨਹੀਂ ਹਨ।

ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਨੌਜਵਾਨ ਪਿੰਡ ਟਿਵਾਨਾਂ ਕਲਾਂ ਤੋਂ ਚਿੱਟੇ ਦੀ ਓਵਰਡੋਜ਼ ਕਰਨ ਤੋਂ ਬਾਅਦ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਸ਼ਹਿਰ ਜਲਾਲਾਬਾਦ ਨੂੰ ਆ ਰਿਹਾ ਸੀ ਤਾਂ ਸੋਸਾਇਟੀ ਦੇ ਕੋਲ ਮਾਨਸਿਕ ਸੰਤੁਲਨ ਗਵਾਉਣ ਤੋਂ ਬਾਅਦ ਸੜਕ 'ਤੇ ਡਿੱਗਣ ਨਾਲ ਨਸ਼ੇੜੀ ਤਕਰੀਬਨ ਅੱਧਾ ਘੰਟਾ ਮੌਤ ਨਾਲ ਜੰਗ ਲੜਦਾ ਰਿਹਾ ਪਰ ਇਸ ਸਾਰੀ ਘਟਨਾ ਦੀ ਜਾਣਕਾਰੀ ਸਬੰਧਤ ਥਾਣਾ ਸਿਟੀ ਦੀ ਪੁਲਸ ਨੂੰ ਮਿਲੀ ਤਾਂ ਪੁਲਸ ਨੇ ਮੌਕੇ 'ਤੇ ਪੁੱਜ ਕੇ ਆਪਣਾ ਫਰਜ਼ ਸਮਝਦੇ ਹੋਏ ਜਦੋਂ ਲੋਕਾਂ ਦੀ ਮਦਦ ਨਾਲ ਉਸ ਨੂੰ ਗੱਡੀ 'ਤੇ ਲਿਜਾਣ ਲੱਗੇ ਤਾਂ ਉਕਤ ਨੌਜਵਾਨ ਪੁਲਸ ਨੂੰ ਵੇਖ ਕੇ ਹੋਸ਼ 'ਚ ਆ ਗਿਆ ਅਤੇ ਨਸ਼ੇ ਨਾ ਕੀਤਾ ਹੋਣ ਦਾ ਕਹਿ ਕੇ ਆਪਣਾ ਪੱਲਾ ਛੁਡਾਉਣ ਤੋਂ ਬਾਅਦ ਪੁਲਸ ਨੂੰ ਛੱਡ ਕੇ ਐਕਟਿਵਾ ਰਾਹੀਂ ਭੱਜਣ 'ਚ ਸਫਲ ਹੋ ਗਿਆ। ਨਸ਼ੇ ਦੀ ਓਵਰਡੋਜ਼ ਕਾਰਣ ਸੜਕ 'ਤੇ ਡਿੱਗੇ ਹੋਏ ਨੌਜਵਾਨ ਕੋਲੋਂ ਇਕ ਖਾਲੀ ਟੀਕਾ ਵੀ ਬਰਾਮਦ ਹੋਇਆ ਹੈ ਅਤੇ ਜਿਹੜਾ ਕਿ ਨਸ਼ੇ ਦੀ ਓਵਰਡੋਜ਼ ਕਰਨ ਦੀ ਅਗਵਾਈ ਭਰ ਰਿਹਾ ਸੀ। ਇਸ ਤਰ੍ਹਾਂ ਹੀ ਜਲਾਲਾਬਾਦ ਦੇ ਹੋਰ ਕਈ ਪਿੰਡ ਹਨ, ਜਿਨ੍ਹਾਂ 'ਚ ਚਿੱਟੇ ਦਾ ਕਾਰੋਬਾਰ ਬੜਾ ਜ਼ੋਰਾਂ 'ਤੇ ਚੱਲ ਰਿਹਾ ਹੈ। ਪਿੰਡ ਟਿਵਾਨਾਂ ਕਲਾਂ ਦੇ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਨਸ਼ੇ ਨੂੰ ਬੰਦ ਕਰਵਾਇਆ ਜਾਵੇ।

ਕੀ ਕਹਿਣੈ ਜਲਾਲਾਬਾਦ ਦੇ ਡੀ. ਐੱਸ. ਪੀ. ਦਾ

ਇਸ ਸਬੰਧ 'ਚ ਜਲਾਲਾਬਾਦ ਦੇ ਡੀ.ਐੱਸ.ਪੀ. ਜਸਪਾਲ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਾਲਾਬਾਦ ਦੀ ਪੁਲਸ ਨਸ਼ਾ ਸਮੱਗਲਰਾਂ ਨੂੰ ਫੜਨ ਵਾਸਤੇ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ਾ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਨਸ਼ੇ ਦੀ ਸਮੱਗਲਿੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।


Related News