ਸਰਹੱਦੀ ਸ਼ਹਿਰ ਗੁਰੂਹਰਸਹਾਏ ਦੀ ਡਰੋਨ ਨਾਲ ਬਣਾਈ ਵੀਡੀਓ, ਲੋਕਾਂ ਨੇ ਕੀਤੀ ਕਾਰਵਾਈ ਦੀ ਮੰਗ
Thursday, Jul 31, 2025 - 05:28 PM (IST)

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸਰਹੱਦੀ ਖੇਤਰ ਗੁਰੂਹਰਸਹਾਏ ਸ਼ਹਿਰ ਦੀ ਕਿਸੇ ਵੱਲੋਂ ਡਰੋਨ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਤੇ ਹੁਣ ਸ਼ਹਿਰ ਦੇ ਕਈ ਲੋਕ ਇਸ ਨੂੰ ਆਪਣੇ ਸਟੇਟਸ 'ਤੇ ਲਗਾ ਰਹੇ ਹਨ। ਇਸ ਦੌਰਾਨ ਸ਼ਹਿਰ ਵਾਸੀਆਂ ਨੇ ਡਰੋਨ ਨਾਲ ਵੀਡੀਓ ਬਣਾਉਣ ਵਾਲੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਅੱਜ ਕਿਸੇ ਵੱਲੋਂ ਡਰੋਨ ਨਾਲ ਬਣਾਈ ਗਈ ਸ਼ਹਿਰ ਦੀ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਇਸ ਦੌਰਾਨ ਸੋਸ਼ਲ ਮੀਡੀਆ ਤੋਂ ਹੀ ਗੁਰੂਹਰਸਹਾਏ ਸ਼ਹਿਰ ਦੇ ਕਈ ਲੋਕਾਂ ਨੇ ਇਸ ਵੀਡੀਓ ਨੂੰ ਕੈਪਚਰ ਕਰਕੇ ਆਪਣੇ ਆਪਣੇ ਸਟੇਟਸ 'ਤੇ ਲਗਾ ਦਿੱਤਾ। ਸਰਹੱਦੀ ਖੇਤਰ ਹੋਣ ਕਰਕੇ ਸਰਕਾਰ ਵੱਲੋਂ ਡਰੋਨ ਉਡਾਣ 'ਤੇ ਪੂਰਨ ਪਾਬੰਦੀ ਲਗਾਈ ਹੋਈ ਹੈ। ਪਾਬੰਦੀ ਦੇ ਬਾਵਜੂਦ ਵੀ ਡਰੋਨ ਰਾਹੀਂ ਇਹ ਵੀਡੀਓ ਕਿਉਂ ਬਣਾਈ ਗਈ ਅਤੇ ਇਸ ਦਾ ਮਕਸਦ ਕੀ ਹੈ?
ਪੰਜਾਬ ਸਰਕਾਰ ਤੇ ਜ਼ਿਲੇ ਦੇ ਉੱਚ ਅਧਿਕਾਰੀਆਂ ਦੀ ਪਰਮਿਸ਼ਨ ਤੋਂ ਬਗੈਰ ਕੋਈ ਵੀ ਡਰੋਨ ਨੂੰ ਉਡਾ ਨਹੀਂ ਸਕਦਾ ਜੋ ਕਿ ਕਾਨੂੰਨੀ ਜ਼ੁਰਮ ਹੈ। ਸ਼ਹਿਰ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਹੈ ਕਿ ਜਿਸ ਕਿਸੇ ਨੇ ਵੀ ਡਰੋਨ ਰਾਹੀਂ ਸ਼ਹਿਰ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈ ਹੈ ਉਸਦੀ ਪਹਿਚਾਣ ਕਰਕੇ ਉਸ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।