ਦਿੱਲੀ ਅੰਦੋਲਨ ਲਈ ਪਿੰਡ ਸਰਾਵਾਂ ਬੋਦਲਾਂ ਤੋਂ ਦੋ ਟਰਾਲੀਆਂ ''ਚ ਦਰਜਨਾਂ ਕਿਸਾਨ ਸਮਾਨ ਸਮੇਤ ਹੋਏ ਰਵਾਨਾ

12/04/2020 5:35:15 PM

ਮਲੋਟ (ਜੁਨੇਜਾ): ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ 'ਚ 26 ਨਵੰਬਰ ਤੋਂ ਰਵਾਨਾ ਹੋਏ ਲੱਖਾਂ ਦੀ ਗਿਣਤੀ 'ਚ ਕਿਸਾਨ ਦਿੱਲੀ ਦੇ ਬਾਰਡਰ ਤੇ ਡਟੇ ਖੜ੍ਹੇ ਹਨ। ਇਸ ਤੋਂ ਇਲਾਵਾ ਕਈ ਪਿੰਡਾਂ ਦੇ ਸਰਪੰਚਾਂ ਦੇ ਸਹਿਯੋਗ ਨਾਲ ਹਰ ਰੋਜ਼ ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਦੇ ਨਵੇਂ ਜਥੇ ਟਰਾਲੀਆਂ ਅਤੇ ਸਮਾਨ ਸਮੇਤ ਦਿੱਲੀ ਵੱਲ ਰਵਾਨਾ ਹੋ ਕੇ ਸੰਘਰਸ਼ ਨੂੰ ਮਜਬੂਤੀ ਪ੍ਰਦਾਨ ਕਰ ਰਹੇ ਹਨ। ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਕਿਸਾਨਾਂ ਦੇ ਸਾਂਝੇ ਮੋਰਚੇ ਵੱਲੋਂ ਮਲੋਟ ਦੇ ਸਭ ਤੋਂ ਵੱਡੇ ਪਿੰਡ ਸਰਾਵਾਂ ਬੋਦਲਾਂ ਤੋਂ ਦੋ ਟਰਾਲੀਆਂ ਅਤੇ ਆਪਣੇ ਸਮਾਨ ਸਮੇਤ ਦਰਜਨਾਂ ਕਿਸਾਨ ਰਵਾਨਾ ਕੀਤੇ। ਇਸ ਮੌਕੇ ਪਿੰਡ ਦੇ ਸਰਪੰਚ ਗੁਰਜੀਤ ਸਿੰਘ ਅਤੇ ਹਾਜ਼ਰ ਬਾਕੀ ਪਿੰਡ ਵਾਸੀਆਂ ਨੇ ਰਵਾਨਾ ਜਥਿਆਂ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਕਿਸਾਨਾਂ ਦੇ ਪਿੱਛੋਂ ਖੇਤਾਂ 'ਚ ਕੰਮ ਨਾਲ ਸਬੰਧਤ ਹਰ ਕੰਮ 'ਚ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਗੁਰਜੀਤ ਸਿੰਘ, ਪ੍ਰਧਾਨ ਹਰਦੀਪ ਸਿੰਘ, ਕੁਲਵਿੰਦਰ ਸਿੰਘ ਲੀਡਰ, ਨਿਸ਼ਾਨ ਸਿੰਘ, ਹਰਦੀਪ ਸਿੰਘ, ਬਲਤੇਜ ਸਿੰਘ, ਯਾਦਵਿੰਦਰ ਸਿੰਘ, ਮਨਪ੍ਰੀਤ ਸਿੰਘ, ਬੋਹੜ ਸਿੰਘ ਅਤੇ ਅਮਨਦੀਪ ਸਿੰਘ ਸਮੇਤ ਕਿਸਾਨਾਂ ਨੇ ਮੋਕੇ ਤੇ ਆਪਣਾ ਭਰਪੂਰ ਸਮਰਥਨ ਦਿੱਤਾ।


Aarti dhillon

Content Editor

Related News