ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਨੂੰਹ ਨੂੰ ਬੱਚੀ ਸਮੇਤ ਕੁੱਟ-ਮਾਰ ਕਰ ਕੇ ਘਰੋਂ ਕੱਢਿਆ

11/17/2018 1:11:55 AM

ਮੋਗਾ, (ਅਾਜ਼ਾਦ)- ਮੋਗਾ ਨਿਵਾਸੀ ਇਕ ਲਡ਼ਕੀ ਨੂੰ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਕਾਰ ਤੇ  ਹੋਰ ਦਾਜ ਦੀ ਮੰਗ ਪੂਰੀ ਨਾ ਕਰਨ ’ਤੇ ਬੱਚੀ ਸਮੇਤ ਕੁੱਟ-ਮਾਰ ਕਰ ਕੇ ਘਰੋਂ  ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
 ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਪੀਡ਼ਤਾ ਨੇ ਕਿਹਾ ਕਿ ਉਹ ਐੱਮ. ਕਾਮ. ਪਾਸ ਹੈ ਅਤੇ ਉਸ ਦਾ ਵਿਆਹ 8 ਜਨਵਰੀ, 2016 ਨੂੰ ਧਾਰਮਕ ਰੀਤੀ-ਰਿਵਾਜਾਂ ਅਨੁਸਾਰ ਗੌਰਵ ਸਚਦੇਵਾ ਪੁੱਤਰ ਸੁਨੀਲ ਕੁਮਾਰ ਸਚਦੇਵਾ ਨਿਵਾਸੀ ਆਨੰਦ ਨਗਰ ਮੋਗਾ ਨਾਲ ਹੋਇਆ ਸੀ। ਵਿਆਹ ਸਮੇਂ ਮੇਰੇ ਪੇਕੇ ਵਾਲਿਆਂ ਵੱਲੋਂ ਆਪਣੀ ਹੈਸੀਅਤ ਅਨੁਸਾਰ ਦਾਜ ਦਿੱਤਾ ਗਿਆ ਪਰ ਮੇਰਾ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰ ਇਸ ਦਾਜ ਤੋਂ ਖੁਸ਼ ਨਹੀਂ ਸਨ ਤੇ ਉਹ ਹਾਂਡਾ ਸਿਟੀ ਕਾਰ ਦੇ ਇਲਾਵਾ 25 ਤੋਲੇ ਸੋਨੇ ਦੇ ਗਹਿਣਿਆਂ ਦੀ ਮੰਗ ਕਰ ਰਹੇ ਸਨ, ਜਿਸ ’ਤੇ ਮੈਂ ਆਪਣੇ ਪੇਕੇ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਮੇਰੇ ਪਤੀ ਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਕਈ ਵਾਰ ਪੰਚਾਇਤੀ ਤੌਰ ’ਤੇ ਸਮਝਾਉਣ ਦਾ ਯਤਨ ਕੀਤਾ ਪਰ ਕਿਸੇ ਨੇ ਕੋਈ ਗੱਲ ਨਾ ਸੁਣੀ। ਪੀਡ਼ਤਾ ਨੇ ਕਿਹਾ ਕਿ ਜਦ ਉਹ ਵਿਆਹ ਦੇ ਬਾਅਦ ਗਰਭਵਤੀ ਹੋਈ ਤਾਂ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਇਕ ਬਾਬੇ ਕੋਲ ਲੈ ਗਏ, ਜਿਸ ਨੇ ਕਿਹਾ ਕਿ ਲਡ਼ਕੀ ਪੈਦਾ ਹੋਵੇਗੀ, ਜਿਸ ਦੇ ਬਾਅਦ ਮੇਰੇ ਪਤੀ ਤੇ ਸਹੁਰੇ ਪਰਿਵਾਰ ਦਾ ਮੇਰੇ ਪ੍ਰਤੀ ਵਿਵਹਾਰ ਬਦਲ ਗਿਆ ਅਤੇ ਉਨ੍ਹਾਂ ਕਿਹਾ ਕਿ ਅਸੀਂ ਲਡ਼ਕੀ ਨਹੀਂ ਲਵਾਂਗੇ ਅਤੇ ਉਨ੍ਹਾਂ ਨੇ ਮੇਰੇ ਵੱਲੋਂ ਇਨਕਾਰ ਕਰਨ ’ਤੇ ਮੈਨੂੰ ਜ਼ਬਰਦਸਤੀ ਗਰਮ ਦਵਾਈਆਂ ਖੁਆ ਦਿੱਤੀਆਂ ਤੇ ਮੇਰੀ ਕੁੱਟ-ਮਾਰ ਕੀਤੀ ਗਈ, ਜਿਸ ’ਤੇ ਮੇਰੀ ਹਾਲਤ ਖਰਾਬ ਹੋ ਗਈ ਅਤੇ ਮੈਨੂੰ 18 ਅਪ੍ਰੈਲ, 2016 ਨੂੰ ਮੋਗਾ ਦੇ ਇਕ ਪ੍ਰਾਈਵੇਟ ਲੇਡੀ ਡਾਕਟਰ ਕੋਲ ਲਿਜਾਇਆ ਗਿਆ, ਜਿਸ ਨੇ 19 ਅਪ੍ਰੈਲ, 2016 ਨੂੰ ਸਕੈਨ ਕੀਤੀ ਰਿਪੋਰਟ ਦੇ ਅਾਧਾਰ ’ਤੇ ਕਿਹਾ ਕਿ ਪੇਟ ਵਿਚ ਜੋ ਬੱਚਾ ਸੀ ਉਹ ਮਰ ਚੁੱਕਾ ਹੈ। ਪੀੜਤਾ ਨੇ ਕਿਹਾ ਕਿ ਮੇਰੀ ਬੱਚੀ ਦੀ ਮੌਤ ਦੇ ਲਈ ਵੀ ਮੇਰਾ ਪਤੀ ਤੇ ਸਹੁਰਾ ਪਰਿਵਾਰ ਜ਼ਿੰਮੇਵਾਰ ਹੈ। ਉਸ ਨੇ ਕਿਹਾ ਕਿ ਮੈਂ 7 ਮਾਰਚ, 2017 ਨੂੰ ਬੇਟੀ ਨੂੰ ਜਨਮ ਦਿੱਤਾ। ਮੇਰੇ ਸਹੁਰੇ ਪਰਿਵਾਰ ਵਾਲੇ ਮੈਨੂੰ ਬਹੁਤ ਤੰਗ-ਪ੍ਰੇਸ਼ਾਨ ਕਰਨ ਲੱਗ ਗਏ ਤੇ ਕਿਹਾ ਕਿ ਜਦ ਤੱਕ ਸਾਡੀ ਮੰਗ ਪੂਰੀ ਨਹੀਂ ਹੋਵੇਗੀ, ਅਸੀਂ ਤੈਂਨੂੰ ਘਰ ਵਿਚ ਨਹੀਂ ਰੱਖਾਂਗੇ ਅਤੇ ਉਨ੍ਹਾਂ ਮੈਨੂੰ ਕੁੱਟ-ਮਾਰ ਕਰ ਕੇ ਬੱਚੀ ਸਮੇਤ ਘਰੋਂ ਬਾਹਰ ਕੱਢ ਦਿੱਤਾ ਅਤੇ ਮੇਰੇ ਦਾਜ ਦਾ ਸਾਰਾ ਸਾਮਾਨ ਵੀ ਹਡ਼ੱਪ  ਲਿਆ। ਹੁਣ ਮੈਂ ਆਪਣੇ ਪੇਕੇ ਘਰ ਰਹਿਣ ਲਈ ਮਜਬੂਰ ਹਾਂ।
 ਕੀ ਹੋਈ ਪੁਲਸ ਕਾਰਵਾਈ
  ਥਾਣਾ ਸਿਟੀ ’ਚ ਪੀੜਤਾ ਦੀ ਸ਼ਿਕਾਇਤ ’ਤੇ ਪਤੀ ਗੌਰਵ ਸਚਦੇਵਾ, ਸਹੁਰਾ ਸੁਨੀਲ ਕੁਮਾਰ ਸਚਦੇਵਾ, ਸੱਸ ਸੰਗੀਤਾ ਸਚਦੇਵਾ ਸਾਰੇ ਨਿਵਾਸੀ ਆਨੰਦ ਨਗਰ ਨੇਡ਼ੇ ਬਾਲਵਾਡੀ ਸਕੂਲ ਮੋਗਾ, ਨਨਾਣ ਪੂਜਾ ਸਚਦੇਵਾ ਤੇ ਉਸ ਦੇ ਪਤੀ ਕੁਲਦੀਪ ਉਰਫ ਕ੍ਰਿਪਾਲ ਅਰੋਡ਼ਾ ਨਿਵਾਸੀ ਜ਼ੀਰਾ ਗੇਟ ਫਿਰੋਜ਼ਪੁਰ ਸਮੇਤ ਪੰਜ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
 


Related News