ਜ਼ਿਲਾ ਪ੍ਰਸ਼ਾਸਨ ਸਖ਼ਤ : ਪੋਸਟਰ ਲਾਉਣ ਵਾਲਿਆਂ ਦੇ 102 ਚਲਾਨ ਕੱਟੇ

Thursday, May 10, 2018 - 11:58 AM (IST)

ਪਟਿਆਲਾ (ਜੋਸਨ, ਰਾਜੇਸ਼, ਬਲਜਿੰਦਰ)-ਪਟਿਆਲਾ ਸ਼ਹਿਰ ਦੇ ਸੁੰਦਰੀਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸ਼ਹਿਰ ਨੂੰ ਡੀਫੇਸਮੈਂਟ ਫ਼੍ਰੀ ਕਰਨ ਦੇ ਉਦੇਸ਼ ਨਾਲ ਵਿੱਢੀ ਮੁਹਿੰਮ ਦੀ ਪ੍ਰਗਤੀ ਰਿਪੋਰਟ ਜਾਣਨ ਲਈ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੱਲੋਂ ਮੀਟਿੰਗ ਸੱਦੀ ਗਈ, ਜਿਸ ਵਿਚ ਉਨ੍ਹਾਂ ਵੱਲੋਂ ਅਧਿਕਾਰੀ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਡੀਫੇਸਮੈਂਟ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ। ਇਸ਼ਤਿਹਾਰ ਲਾਉਣ ਵਾਲਿਆਂ ਖ਼ਿਲਾਫ਼ ਡੀਫੇਸਮੈਂਟ ਐਕਟ 1997 ਤਹਿਤ ਤੁਰੰਤ ਕਾਰਵਾਈ ਕੀਤੀ ਜਾਵੇ। 
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਕ ਕਮੇਟੀ ਦਾ ਗਠਨ ਕੀਤਾ ਜੋ ਡੀਫੇਸਮੈਂਟ ਸਬੰਧੀ ਹੋਈ ਕਾਰਵਾਈ ਦੀ ਸਮੇਂ-ਸਮੇਂ 'ਤੇ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਦੇਵੇਗੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵੱਖ-ਵੱਖ ਵਿਭਾਗ ਵੱਲੋਂ ਪਿਛਲੇ ਦਿਨਾਂ ਦੌਰਾਨ ਕੀਤੀ ਕਾਰਵਾਈ ਦੀ ਰਿਪੋਰਟ ਮੰਗੀ, ਜਿਸ ਦੌਰਾਨ ਨਗਰ ਨਿਗਮ ਪਟਿਆਲਾ ਦੇ ਸੈਕਟਰੀ ਜਸਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਅੰਦਰ ਪਟਿਆਲਾ ਸ਼ਹਿਰ ਵਿਚ ਇਸ਼ਤਿਹਾਰ ਲਾਉਣ ਵਾਲਿਆਂ 'ਤੇ ਕਾਰਵਾਈ ਕਰਦੇ ਹੋਏ 102 ਚਲਾਨ ਕੱਟੇ ਗਏ ਹਨ ਅਤੇ ਇਹ ਕਾਰਵਾਈ ਨਿਰੰਤਰ ਜਾਰੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਅਤੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਪ੍ਰਾਇਮਰੀ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਹਸਪਤਾਲ, ਡਿਸਪੈਂਸਰੀ ਜਾਂ ਸਕੂਲ ਦੀ ਇਮਾਰਤ ਅਤੇ ਕੰਧਾਂ ਉੱਪਰ ਕੋਈ ਵੀ ਇਸ਼ਤਿਹਾਰ ਨਹੀਂ ਲੱਗਾ ਹੋਣਾ ਚਾਹੀਦਾ। ਜੇਕਰ ਕੋਈ ਇਸ ਸਬੰਧੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਪੁਲਸ ਵਿਭਾਗ ਦੀ ਸਹਾਇਤਾ ਲਈ ਜਾਵੇ। ਉਨ੍ਹਾਂ ਕਿਹਾ ਕਿ ਹਸਪਤਾਲ, ਡਿਸਪੈਂਸਰੀਆਂ ਅਤੇ ਸਕੂਲਾਂ ਦੀਆਂ ਕੰਧਾਂ ਉੱਪਰ ਤੁਰੰਤ ਸਫ਼ੈਦ ਕਲੀ ਕਰਵਾਈ ਜਾਵੇ ਤਾਂ ਜੋ ਸਰਕਾਰੀ ਇਮਾਰਤ ਦੀ ਦਿੱਖ ਨੂੰ ਸਾਫ਼-ਸੁਥਰਾ ਰੱਖਿਆ ਜਾ ਸਕੇ।
ਇਸ ਮੀਟਿੰਗ ਵਿਚ ਸੈਕਟਰੀ, ਨਗਰ ਨਿਗਮ ਜਸਦੇਵ ਸਿੰਘ, ਸਿਵਲ ਸਰਜਨ ਦਫ਼ਤਰ ਦੇ ਏ. ਸੀ. ਐੱਸ. ਡਾ. ਸੈਲੀ ਜੇਟਲੀ, ਪੀ. ਡਬਲਿਊ. ਡੀ. ਦੇ ਕਾਰਜਕਾਰੀ ਇੰਜੀਨੀਅਰ ਮਨਪ੍ਰੀਤ ਸਿੰਘ ਦੂਆ, ਉੱਪ ਜ਼ਿਲਾ ਸਿੱਖਿਆ ਅਫ਼ਸਰ ਮਨਜੀਤ ਸਿੰਘ, ਸੁਪਰਡੈਂਟ ਨਗਰ ਨਿਗਮ ਰਵਦੀਪ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
17 ਕੰਪਨੀਆਂ 'ਤੇ ਕੀਤੀ ਗਈ ਪੁਲਸ ਕਾਰਵਾਈ : ਇਸ ਮੌਕੇ ਐੱਸ. ਪੀ. ਟਰੈਫਿਕ ਅਮਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪੁਲਸ ਵਿਭਾਗ ਇਸ ਸਬੰਧੀ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਵੱਲੋਂ ਹੁਣ ਤੱਕ ਸਰਕਾਰੀ ਅਤੇ ਜਨਤਕ ਜਾਇਦਾਦਾਂ 'ਤੇ ਇਸ਼ਤਿਹਾਰ ਲਾਉਣ ਵਾਲੀਆਂ 17 ਕੰਪਨੀਆਂ ਉੱਪਰ ਕਾਰਵਾਈ ਕੀਤੀ ਗਈ ਹੈ। 24 ਘੰਟੇ ਪੀ. ਸੀ. ਆਰ. ਟੀਮਾਂ ਇਸ਼ਤਿਹਾਰ ਲਾਉਣ ਵਾਲਿਆਂ ਉੱਪਰ ਨਜ਼ਰ ਰੱਖ ਰਹੀਆਂ ਹਨ। ਜੇਕਰ ਕਿਤੇ ਪੋਸਟਰ ਜਾਂ ਬੈਨਰ ਲੱਗਾ ਦਿਖਾਈ ਦਿੰਦਾ ਹੈ ਤਾਂ ਤੁਰੰਤ ਉਸ ਨੂੰ ਉਤਰਵਾ ਦਿੱਤਾ ਜਾਂਦਾ ਹੈ।


Related News