ਬੇਅਦਬੀ ਮਾਮਲਾ : ਹਿੰਦੂ ਸਮਾਜ ਨੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਕੀਤੀ ਮੰਗ
Tuesday, Jan 25, 2022 - 09:03 PM (IST)
ਭਵਾਨੀਗੜ੍ਹ (ਵਿਕਾਸ)-ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਰ ’ਚ ਇਕ ਵਿਅਕਤੀ ਵੱਲੋਂ ਕੀਤੀ ਗਈ ਬੇਅਦਬੀ ਦੇ ਸਬੰਧ ’ਚ ਅੱਜ ਇਥੇ ਗਊਸ਼ਾਲਾ ਚੌਕ ਵਿਖੇ ਬਜਰੰਗ ਦਲ ਹਿੰਦੁਸਤਾਨ ਤੇ ਵਪਾਰ ਮੰਡਲ ਦੇ ਆਗੂਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹਿਤੇਸ਼ ਭਾਰਦਵਾਜ ਰਾਸ਼ਟਰੀ ਪ੍ਰਧਾਨ ਬਜਰੰਗ ਦਲ ਹਿੰਦੁਸਤਾਨ ਨੇ ਆਖਿਆ ਕਿ ਪਿਛਲੇ ਸਮੇਂ ਦੌਰਾਨ ਗੁਰੂ ਘਰਾਂ 'ਚ ਅਤੇ ਹੁਣ ਕਾਲੀ ਮਾਤਾ ਮੰਦਰ 'ਚ ਵਾਪਰੀ ਬੇਅਦਬੀ ਦੀ ਤਾਜ਼ੀ ਘਟਨਾ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰਾਜਨੀਤਕ ਲੋਕ ਵੋਟਾਂ ਬਟੋਰਨ ਲਈ ਅਜਿਹੀਆਂ ਘਿਨੌਣੀਆਂ ਹਰਕਤਾਂ ਨੂੰ ਅੰਜਾਮ ਦਿਵਾ ਰਹੇ ਹਨ, ਜਿਸ ਨੂੰ ਹਿੰਦੂ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।
ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਆਉਂਦੇ ਦੋ ਤਿੰਨ ਦਿਨਾਂ ’ਚ ਬੇਦਅਬੀ ਦੇ ਦੋਸ਼ੀਆਂ ਵਿਰੁੱਧ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਹਿੰਦੂ ਸਮਾਜ ਇਨਸਾਫ਼ ਪਾਉਣ ਲਈ ਅਗਲਾ ਕਦਮ ਚੁੱਕਣ ਲਈ ਮਜਬੂਰ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਨੀ ਕਾਂਸਲ ਪ੍ਰਧਾਨ ਵਪਾਰ ਮੰਡਲ ਭਵਾਨੀਗੜ੍ਹ, ਅਨਿਲ ਕੂਮਰਾ ਆਦਿ ਵੀ ਹਾਜ਼ਰ ਸਨ।