ਜਿੱਤ ਹਾਸਲ ਕਰਕੇ ਪਰਤੇ ਅਪਾਹਜ ਕ੍ਰਿਕੇਟ ਖਿਡਾਰੀ ਬਲਰਾਜ ਦਾ ਪਿੰਡ ਵਾਸੀਆਂ ਨੇ ਕੀਤਾ ਸੁਆਗਤ
Saturday, Sep 01, 2018 - 01:51 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਪਿਛਲੇ ਦਿਨੀ ਕਲੰਬੋ (ਸ਼੍ਰੀਲੰਕਾ) 'ਚ ਖੇਡ ਗਈ ਅਪਾਹਜ ਖਿਡਾਰੀਆਂ ਦੀ 3 ਮੈਚਾਂ ਦੀ ਲੜੀ ਦੌਰਾਨ 2-1 ਨਾਲ ਲੜੀ ਜਿੱਤਣ ਉਪਰੰਤ ਪਿੰਡ ਕਾਉਣੀ ਦੇ ਕ੍ਰਿਕੇਟ ਖਿਡਾਰੀ ਬਲਰਾਜ ਸਿੰਘ ਪੁੱਤਰ ਸਵ. ਹਰਚਰਨ ਸਿੰਘ ਨੇ 'ਬੈਸਟ ਬੈਟਸਮੈਨ' ਤੇ 'ਮੈਨ ਆਫ ਦਾ ਸੀਰੀਜ਼' ਦਾ ਖਿਤਾਬ ਜਿੱਤ ਕੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਜਿੱਤ ਹਾਸਲ ਕਰਨ ਤੋਂ ਬਾਅਦ ਵਾਪਸ ਪਰਤੇ ਕ੍ਰਿਕੇਟ ਖਿਡਾਰੀ ਬਲਰਾਜ ਸਿੰਘ ਦਾ ਪਿੰਡ ਵਾਸੀਆਂ ਤੇ ਉਸ ਦੇ ਖਿਡਾਰੀ ਸਾਥੀਆਂ ਵੱਲੋਂ ਨਿੱਘਾ ਅਤੇ ਜ਼ੋਰਦਾਰ ਸੁਆਗਤ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਰਾਜ ਸਿੰਘ ਨੇ ਦੱਸਿਆ ਕਿ ਜਦ ਉਹ ਇਕ ਸਾਲ ਦਾ ਸੀ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਜਦਕਿ ਕੁਝ ਸਮੇਂ ਬਾਅਦ ਉਸ ਦੀ ਸੱਜੀ ਲੱਤ ਪੋਲੀਓ ਦੀ ਬਿਮਾਰੀ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਡਾਕਟਰਾਂ ਨੇ ਉਸ ਨੂੰ ਕੇਵਲ ਆਰਾਮ ਕਰਨ ਦੀ ਸਾਲਾਹ ਦਿੱਤੀ। ਬਲਰਾਜ ਸਿੰਘ ਨੇ ਦੱਸਿਆ ਕਿ 4 ਦਸੰਬਰ 2015 ਨੂੰ ਅਪਾਹਜ ਦਿਨ 'ਤੇ ਪੰਜਾਬ ਵੱਲੋਂ ਖੇਡਦਿਆਂ ਹਰਿਆਣੇ ਵਿਰੁੱਧ ਵਧੀਆ ਪ੍ਰਦਰਸ਼ਨ ਕੀਤਾ ਤਾਂ 23 ਦਸੰਬਰ 2015 ਨੂੰ ਉਹ ਪਹਿਲੀ ਵਾਰ ਭਾਰਤੀ ਅਪਾਹਜ ਕ੍ਰਿਕੇਟ ਦੀ ਟੀਮ 'ਚ ਚੁਣਿਆ ਗਿਆ। ਇਸ ਤੋਂ ਬਾਅਦ ਉਹ ਸਿੰਗਾਪਰ, ਮਲੇਸ਼ੀਆ, ਬੰਗਲਾ ਦੇਸ਼, ਸ਼੍ਰੀਲੰਕਾ ਆਦਿ ਕਈ ਦੇਸ਼ਾਂ 'ਚ ਭਾਰਤ ਵਲੋਂ ਖੇਡ ਚੁੱਕਾ ਹੈ। ਉਸ ਨੇ ਦੱਸਿਆ ਕਿ ਉਸ ਦੇ ਚੰਗੇ ਖੇਡ ਪ੍ਰਦਰਸ਼ਨ ਨੂੰ ਦੇਖਦਿਆਂ ਡੀ. ਐੱਸ. ਐੱਸ. ( ਡਿਸੇਬਲ ਸਪੋਰਟਸ ਐਸੋਸੀਏਸ਼ਨ ਸੁਸਾਇਟੀ ) ਵਲੋਂ ਸ਼੍ਰੀਲੰਕਾ ਖੇਡਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਦੀ ਟੀਮ 23 ਤੋਂ 25 ਅਗਸਤ ਤੱਕ ਦੇ ਹੋਈ ਤਿੰਨ ਮੈਚਾਂ ਦੀ ਲੜੀ ਦੌਰਾਨ ਉਨ੍ਹਾਂ ਦੀ ਟੀਮ ਨੇ 2-1 ਨਾਲ ਇਹ ਸੀਰੀਜ਼ ਜਿੱਤੀ।
ਸ਼੍ਰੀਲੰਕਾ ਕ੍ਰਿਕੇਟ ਬੋਰਡ ਵਲੋ ਉਨ੍ਹਾਂ ਨੂੰ (ਬਲਰਾਜ ਸਿੰਘ) ਮੈਨ ਆਫ ਦਾ ਸੀਰੀਜ਼ ਤੇ ਬੈਸਟ ਬੈਟਸਮੈਨ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਰਾਜ ਸਿੰਘ ਦੇ ਪਰਿਵਾਰਕ ਮੈਂਬਰ ਉਸਦੀ ਮਾਤਾ ਧਰਮਿੰਦਰ ਕੌਰ, ਦਾਦੀ ਜਸਪਾਲ ਕੌਰ, ਦਾਦਾ ਰਤਨ ਸਿੰਘ, ਭੈਣ ਸੁਖਦੀਪ ਕੌਰ, ਤਾਇਆ ਜਸਕਰਨ ਸਿੰਘ ਤੋਂ ਇਲਾਵਾ ਉਸ ਦੇ ਸਮੂਹ ਦੋਸਤਾਂ ਵਲੋਂ ਉਸ ਦਾ ਆਪਣੇ ਪਿੰਡ ਵਾਪਸ ਆਉਣ 'ਤੇ ਮੂੰਹ ਮਿੱਠਾ ਕਰਵਾਇਆ ਗਿਆ।