21ਵੀਂ ਸਦੀ ਦੇ ਡਿਜੀਟਲ ਭਾਰਤ ''ਚ ਪੁਰਾਣੀ ਤਕਨੀਕ ਨਾਲ ਬੱਚਾ ਬੋਰਵੈੱਲ ''ਚੋਂ ਬਾਹਰ ਕੱਢਿਆ

Thursday, Jun 13, 2019 - 11:13 AM (IST)

21ਵੀਂ ਸਦੀ ਦੇ ਡਿਜੀਟਲ ਭਾਰਤ ''ਚ ਪੁਰਾਣੀ ਤਕਨੀਕ ਨਾਲ ਬੱਚਾ ਬੋਰਵੈੱਲ ''ਚੋਂ ਬਾਹਰ ਕੱਢਿਆ

ਪਟਿਆਲਾ/ਰੱਖੜਾ (ਰਾਣਾ)—ਸੂਬੇ ਦੇ ਜ਼ਿਲਾ ਸੰਗਰੂਰ ਦੇ ਪਿੰਡ ਭਗਵਾਨਪੁਰਾ ਅੰਦਰ ਵਾਪਰੀ ਫਤਹਿਵੀਰ ਸਿੰਘ ਦੀ ਬੋਰਵੈੱਲ ਵਿਚ ਫਸਣ ਵਾਲੀ ਦਿਲ-ਕੰਬਾਊ ਘਟਨਾ ਤੋਂ ਬਾਅਦ ਇਹ ਗੱਲ ਪੂਰੀ ਦੁਨੀਆ ਵਿਚ ਫੈਲ ਚੁੱਕੀ ਹੈ ਕਿ ਭਾਰਤ ਅੰਦਰ 21ਵੀਂ ਸਦੀ ਦਾ ਡਿਜੀਟਲ ਇੰਡੀਆ ਹਾਲੇ ਵੀ ਆਧੁਨਿਕ ਤਕਨੀਕਾਂ ਤੋਂ ਕੋਹਾਂ ਦੂਰ ਹੈ। ਇਸ ਘਟਨਾ ਵਿਚ ਸਦੀਆਂ ਪੁਰਾਣੇ ਤਰੀਕੇ ਨਾਲ ਬੋਰਵੈੱਲ ਵਿਚ ਡਿੱਗੇ ਬੱਚੇ ਫਤਿਹਵੀਰ ਸਿੰਘ ਨੂੰ ਕਈ ਦਿਨਾਂ ਮਗਰੋਂ ਬਾਹਰ ਕੱਢਿਆ ਗਿਆ। ਇਸ ਦੌਰਾਨ ਪ੍ਰਸ਼ਾਸਨ ਅਤੇ ਸਰਕਾਰ ਦੀ ਅਣਗਹਿਲੀ ਹੀ ਸਾਹਮਣੇ ਆਈ ਹੈ। ਬਿਨਾਂ ਤਕਨੀਕਾਂ ਤੋਂ ਨੌਕਰੀ ਕਰੇ ਰਹੇ ਹਜ਼ਾਰਾਂ ਦੀ ਗਿਣਤੀ ਵਿਚ ਅਫਸਰ ਅਤੇ ਕਰਮਚਾਰੀ ਕਰੋੜਾਂ ਰੁਪਏ ਤਨਖਾਹਾਂ ਲੈ ਕੇ ਵੀ ਤਕਨੀਕਾਂ ਤੋਂ ਵਾਂਝੇ ਹਨ। ਜ਼ਿਕਰਯੋਗ ਹੈ ਕਿ ਸੂਬੇ ਅੰਦਰ ਐੱਨ. ਡੀ. ਆਰ. ਐੱਫ. ਦੀ ਬਠਿੰਡਾ ਵਿਖੇ ਤਾਇਨਾਤ ਇਕਲੌਤੀ ਬਟਾਲੀਅਨ ਸਹਾਰੇ ਸਮੁੱਚੇ ਪੰਜਾਬ ਨੂੰ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਰੱਖਿਆ ਗਿਆ ਹੈ, ਪਰ ਇਹ ਇਕੱਲੀ ਬਟਾਲੀਅਨ ਪੂਰੇ ਪੰਜਾਬ ਅੰਦਰ ਆਪਣੀ ਕਾਰਗੁਜ਼ਾਰੀ ਦਿਖਾਉਣ ਅਸਮਰੱਥ ਨਜ਼ਰ ਆ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਸੰਗਰੂਰ ਵਿਖੇ ਦੇਖਣ ਨੂੰ ਮਿਲ ਗਈ ਹੈ, ਜੋ ਬਠਿੰਡਾ ਦੇ ਨਜ਼ਦੀਕ ਹੁੰਦਿਆਂ ਹੋਇਆਂ ਵੀ ਕੋਹਾਂ ਦੂਰ ਹੋ ਨਿੱਬੜਿਆ। ਇੰਨਾ ਹੀ ਨਹੀਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜੱਦੀ ਸ਼ਹਿਰ ਅੰਦਰ ਵੀ ਐੱਨ. ਡੀ. ਆਰ. ਐੱਫ. ਦਾ ਕੋਈ ਯੂਨਿਟ ਨਾ ਹੋਣਾ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ।

ਸਿਵਲ ਡਿਫੈਂਸ ਦੀ ਕਾਰਗੁਜ਼ਾਰੀ ਹਵਾ 'ਚ
ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਅੰਦਰ ਸਿਵਲ ਡਿਫੈਂਸ ਵਿਭਾਗ ਇਕ ਅਜਿਹਾ ਵਿਭਾਗ ਹੈ, ਜਿਸ ਅੰਦਰ ਆਮ ਸ਼ਹਿਰੀਆਂ ਵਿਚੋਂ ਚੁਸਤ ਅਤੇ ਸਿਆਣੇ ਸ਼ਹਿਰੀਆਂ ਨੂੰ ਸ਼ਾਮਲ ਕਰ ਕੇ ਕਿਸੇ ਵੀ ਕੁਦਰਤੀ ਆਫਤ ਸਮੇਂ ਆਮ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸਹਿਯੋਗ ਲਿਆ ਜਾਂਦਾ ਹੈ। ਪਟਿਆਲਾ ਅੰਦਰ ਇਹ ਯੂਨਿਟ ਪਿਛਲੇ ਕਾਫੀ ਸਮੇਂ ਤੋਂ ਕੁਝ ਸਮਾਜ ਸੇਵਕਾਂ ਦੀ ਆਪਣੀ ਰੰਜਸ਼ ਕਾਰਣ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਭੰਗ ਕਰ ਦਿੱਤਾ ਗਿਆ ਸੀ। ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਵਲ ਡਿਫੈਂਸ ਯੂਨਿਟ ਦਾ ਜੀ. ਓ. ਜੀ. ਯੂਨਿਟ ਰਾਬਤਾ ਬਣਾਇਆ ਹੋਇਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੁਦਰਤੀ ਆਫਤ ਤੋਂ ਨਜਿੱਠਣ ਲਈ ਸਮੁੱਚੇ ਪਟਿਆਲਾ ਵਾਸੀਆਂ ਦੀ ਜਾਨ ਦੀ ਸੁਰੱਖਿਆ ਦੇ ਸਾਧਨ ਠੁੱਸ ਹਨ।

ਡਿਗਰੀ ਦੇਣ ਤੋਂ ਪਹਿਲਾਂ ਕੁਦਰਤੀ ਆਫਤ ਪ੍ਰਬੰਧਨ ਦੀ ਟਰੇਨਿੰਗ ਹੋਵੇ ਜ਼ਰੂਰੀ
ਏਸ਼ੀਆ ਦੀਆਂ ਨਾਮਵਰ ਟੈਕਨੀਕਲ ਕੋਰਸ ਕਰਵਾਉਣ ਵਾਲੀਆਂ ਥਾਪਰ ਯੂਨੀਵਰਸਿਟੀ ਪਟਿਆਲਾ ਅਤੇ ਲੌਂਗੋਵਾਲ ਇੰਸਟੀਚਿਊਟ ਸੰਗਰੂਰ ਵਿਚੋਂ ਹਰ ਸਾਲ ਵੱਖ-ਵੱਖ ਕਿੱਤਿਆਂ ਨਾਲ ਸਬੰਧਤ ਤਕਨੀਕੀ ਮਾਹਰ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਦੋਵੇਂ ਯੂਨੀਵਰਸਿਟੀਆਂ ਵਿਚਾਲੇ ਪਿੰਡ ਭਗਵਾਨਪੁਰਾ ਵਰਗੀ ਘਟਨਾ ਨਾਲ ਨਜਿੱਠਣ ਲਈ ਇਕ ਵੀ ਤਕਨੀਕੀ ਮਾਹਰ ਸਾਹਮਣੇ ਨਹੀਂ ਆਇਆ। ਲੋੜ ਹੈ ਡਿਗਰੀ ਪ੍ਰਦਾਨ ਕਰਨ ਤੋਂ ਪਹਿਲਾਂ ਹਰ ਵਿਦਿਆਰਥੀ ਨੂੰ ਜ਼ਮੀਨੀ ਪੱਧਰ ਦੀ ਟਰੇਨਿੰਗ ਜ਼ਰੂਰੀ ਕਰਾਰ ਦਿੱਤਾ ਜਾਵੇ ਤਾਂ ਜੋ ਕਿ ਕਿਸੇ ਵੀ ਕੁਦਰਤੀ ਆਫਤ ਨਾਲ ਨਜਿੱਠਣ ਲਈ ਕੰਮ ਲਿਆ ਜਾ ਸਕੇ।

ਡੇਰਾ ਪ੍ਰੇਮੀਆਂ ਦੀ ਕਾਰਗੁਜ਼ਾਰੀ ਅੱਗੇ ਪ੍ਰਸ਼ਾਸਨ ਦਾ ਝੁਕਣਾ ਸਵਾਲਾਂ ਦੇ ਘੇਰੇ 'ਚ?
ਸੂਬੇ ਅੰਦਰੋਂ ਖਤਮ ਹੁੰਦੀ ਜਾ ਰਹੀ ਡੇਰਾ ਸਿਰਸਾ ਦੀ ਹੋਂਦ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਡੇਰਾ ਪ੍ਰੇਮੀਆਂ ਵੱਲੋਂ ਫਤਿਹਵੀਰ ਸਿੰਘ ਨੂੰ ਬੋਰਵੈੱਲ ਵਿਚੋਂ ਬਾਹਰ ਕੱਢਣ ਲਈ ਕੀਤੀ ਜਾ ਰਹੀ ਕਾਰਗੁਜ਼ਾਰੀ ਅੱਗੇ ਜ਼ਿਲਾ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਝੁਕ ਜਾਣਾ ਵੀ ਸਵਾਲਾਂ ਦੇ ਘੇਰੇ 'ਚ ਹੈ। ਜ਼ਿਕਰਯੋਗ ਹੈ ਕਿ ਅਸਿੱਖਿਅਤ ਕਾਰੀਗਰਾਂ ਹਵਾਲੇ ਕੀਤਾ ਸਮੁੱਚਾ ਆਪਰੇਸ਼ਨ ਫੇਲ ਸਾਬਤ ਹੋਇਆ ਹੈ। ਐੱਨ. ਡੀ. ਆਰ. ਐੱਫ. ਦੀ ਕਾਰਗੁਜ਼ਾਰੀ ਵੀ ਹੈ। ਅਖੀਰ ਦੇਸੀ ਨੁਸਖਾ ਵਰਤ ਕੇ ਮ੍ਰਿਤਕ ਫਤਹਿਵੀਰ ਸਿੰਘ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।

ਬੋਰਵੈੱਲਾਂ 'ਚ ਬੱਚੇ ਡਿੱਗਣ ਦੀ ਸਮੱਸਿਆ ਨਾਲ ਨਜਿੱਠਣ ਲਈ ਦੇਸ਼ ਅੰਦਰ ਕੋਈ ਮਸ਼ੀਨ ਨਹੀਂ
ਡਿਜੀਟਲ ਇੰਡੀਆ ਦਾ ਨਾਅਰਾ ਦੇਣ ਵਾਲੀ ਭਾਜਪਾ ਦੀ ਮੋਦੀ ਸਰਕਾਰ ਕੋਲ ਬੋਰਵੈੱਲਾਂ ਵਿਚ ਅਚਾਨਕ ਡਿੱਗੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਇਕ ਵੀ ਆਧੁਨਿਕ ਮਸ਼ੀਨ ਮੌਜੂਦ ਨਹੀਂ ਹੈ, ਜਿਸ ਨਾਲ ਇਸ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਦੇਸ਼ ਅੰਦਰ ਸੰਗਰੂਰ ਅੰਦਰ ਪਿੰਡ ਭਗਵਾਨਪੁਰਾ ਵਾਲੀ ਘਟਨਾ ਤੋਂ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਸਰਕਾਰਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ। ਜਦੋਂ ਘਟਨਾ ਵਾਪਰ ਜਾਂਦੀ ਹੈ ਤਾਂ ਸਰਕਾਰਾਂ ਮੌਕੇ 'ਤੇ ਲਿੱਪਾਪੋਚੀ ਕਰ ਦਿੰਦੀਆਂ ਹਨ। ਠੋਸ ਪ੍ਰਬੰਧ ਨਹੀਂ ਕਰਦੀਆਂ।

ਘਟਨਾ ਤੋਂ 5 ਦਿਨ ਬਾਅਦ ਜਾਗੇ ਮੁੱਖ ਮੰਤਰੀ, ਬੋਰਵੈੱਲ ਬੰਦ ਕਰਨ ਦਾ ਜਾਰੀ ਕੀਤਾ ਹੁਕਮ
ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਵਾਪਰੀ ਘਟਨਾ ਤੋਂ 5 ਦਿਨ ਬਾਅਦ ਜਾਗੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਮੁੱਚੇ ਖੁੱਲ੍ਹੇ ਪਏ ਬੋਰਵੈੱਲਾਂ ਨੂੰ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ, ਜਿਸ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ।


author

Shyna

Content Editor

Related News