ਪਰਮਿੰਦਰ ਢੀਂਡਸਾ ਨੇ ਭਗਵੰਤ ਮਾਨ ਵੱਲੋਂ PM ਮੋਦੀ ਤੋਂ ਵਿੱਤੀ ਪੈਕੇਜ ਮੰਗਣ ਦੀ ਕੀਤੀ ਡਟਵੀਂ ਹਮਾਇਤ

03/26/2022 10:51:57 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੀਤੇ ਦਿਨ ਮੁਲਾਕਾਤ ਕਰਕੇ ਸੂਬੇ ਦੀ ਖਰਾਬ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਇਕ ਲੱਖ ਕਰੋੜ ਰੁਪਏ ਦੇ ਵਿੱਤੀ ਪੈਕੇਜ ਦੀ ਮੰਗ ਕੀਤੀ ਗਈ ਸੀ। ਪੰਜਾਬ ਦੇ ਮੁੱਖ ਮੰਤਰੀ ਮਾਨ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਕੀਤੀ ਇਸ ਮੰਗ ਦਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਭਰਵਾਂ ਸਮਰਥਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਸੂਬੇ ਦੇ ਅਰਥਚਾਰੇ ਦੀ ਸਥਿਤੀ ਅਤੇ ਵਿਆਪਕ ਵਿਕਾਸ ਲਈ ਵਿਸ਼ੇਸ਼ ਵਿੱਤੀ ਪੈਕੇਜ ਦੀ ਮੰਗ ਨੂੰ ਜ਼ਰੂਰ ਪ੍ਰਵਾਨ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਦੀਆਂ ਗਾਰੰਟੀਆਂ ਸੱਚਾਈ ਤੋਂ ਕੋਹਾਂ ਦੂਰ : ਵਿਨਰਜੀਤ ਗੋਲਡੀ

ਸਾਬਕਾ ਵਿੱਤ ਮੰਤਰੀ ਢੀਂਡਸਾ ਨੇ ਕਿਹਾ ਕਿ ਇਸ ਵੇਲੇ ਪੰਜਾਬ ਦੀ ਮਾਲੀ ਹਾਲਤ ਬੇਹੱਦ ਖਰਾਬ ਹੈ ਅਤੇ ਉਹ ਸ਼ੁਰੂ ਤੋਂ ਹੀ ਇਹ ਗੱਲ ਕਹਿੰਦੇ ਆ ਰਹੇ ਹਨ ਕਿ ਕੇਂਦਰ ਸਰਕਾਰ ਦੀ ਮਦਦ ਤੋਂ ਬਗੈਰ  ਪੰਜਾਬ ਦੇ ਅਰਥਚਾਰੇ ’ਚ ਸੁਧਾਰ ਨਹੀਂ ਹੋ ਸਕਦਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਪੰਜਾਬ ਦੀ ਤਰਸਯੋਗ ਵਿੱਤੀ ਹਾਲਤ ਬਾਰੇ ਜਾਣੂ ਕਰਵਾਉਣਾ ਢੁੱਕਵਾਂ ਕਦਮ ਹੈ। ਢੀਂਡਸਾ ਨੇ ਉਮੀਦ ਪ੍ਰਗਟ ਕੀਤੀ ਕਿ ਕੇਂਦਰ ਸਰਕਾਰ ਇਸ ਸੰਬੰਧ ਵਿਚ ਹਰ ਸੰਭਵ ਮਦਦ ਕਰੇਗਾ ਅਤੇ ਵਿੱਤੀ ਸਹਾਇਤਾ ਸਦਕਾ ਪੰਜਾਬ ਦਾ ਅਰਥਚਾਰਾ ਸਵੈ ਨਿਰਭਰ ਅਤੇ ਵਿੱਤੀ ਪੱਖੋਂ ਸਥਿਰ ਹੋ ਜਾਵੇਗਾ। ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਵਿਧਾਇਕਾਂ ਨੂੰ ਇਕ ਟਰਮ ਦੀ ਇਕ ਪੈਨਸ਼ਨ ਦੇਣ ਦੇ ਐਲਾਨ ਦਾ ਵੀ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਕੁਝ ਹੱਦ ਤਕ ਸੂਬੇ ਦਾ ਆਰਥਿਕ ਬੋਝ ਘਟਾਉਣ ’ਚ ਮਦਦ ਮਿਲੇਗੀ ਪਰ ਇਸ ਦੇ ਨਾਲ ਹੀ ਸਰਕਾਰ ਨੂੰ ਸੂਬੇ ਦੀ ਮਾਲੀ ਹਾਲਤ ਸੁਧਾਰਨ ਲਈ ਹੋਰ ਵਸੀਲੇ ਪੈਦਾ ਕਰਨ ’ਤੇ ਜ਼ੋਰ ਦੇਣਾ ਪਵੇਗਾ।

ਇਹ ਵੀ ਪੜ੍ਹੋ : PML-N ਦੀ ਨੇਤਾ ਮਰੀਅਮ ਨੇ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ 'ਤੇ ਲਾਏ ਇਹ ਦੋਸ਼

ਢੀਂਡਸਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਪ੍ਰਾਪਤੀ ਲਈ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੀ ਮਾੜੀ ਮਾਲੀ ਹਾਲਤ ਦੇ ਬਾਵਜੂਦ ਅਨੇਕਾਂ ਵਾਅਦੇ ਕੀਤੇ ਗਏ ਹਨ ਅਤੇ ਹੁਣ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦਾ ਹੋਰ ਵਾਧੂ ਭਾਰ ਪੈਣ ਵਾਲਾ ਹੈ। ਢੀਂਡਸਾ ਨੇ ਭਗਵੰਤ ਮਾਨ ਨੂੰ ਇਸ ਸੰਬੰਧ ਵਿਚ ਵੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਸਿਰ ਕਰੀਬ ਪੰਜ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਨੂੰ ਇਸ ਕਰਜ਼ੇ ਤੋਂ ਮੁਕਤ ਕਰਵਾਉਣ ਲਈ ਵਿਸ਼ੇਸ਼ ਰਣਨੀਤੀ ਉਲੀਕਣ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ PM ਖਾਨ ਨੂੰ ਬਜਟ ਤੋਂ ਬਾਅਦ ਚੋਣਾਂ ਕਰਵਾਉਣ ਦੀ ਦਿੱਤੀ ਸਲਾਹ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News