ਵਿਰੋਧ ’ਚ ਹਸਪਤਾਲ ਸਟਾਫ ਨੇ ਦਿੱਤਾ ਧਰਨਾ

Saturday, Sep 22, 2018 - 01:45 AM (IST)

ਵਿਰੋਧ ’ਚ ਹਸਪਤਾਲ ਸਟਾਫ ਨੇ ਦਿੱਤਾ ਧਰਨਾ

ਅਬੋਹਰ, (ਸੁਨੀਲ)– ਸਥਾਨਕ ਸਿਵਲ ਹਸਪਤਾਲ ’ਚ ਬੀਤੀ ਰਾਤ ਕੁੱਝ ਨੌਜਵਾਨਾਂ ਵੱਲੋਂ ਐਮਰਜੈਂਸੀ ’ਚ ਡਾਕਟਰ ਨਾਲ ਦੁਰਵਿਵਹਾਰ ਕੀਤੇ ਜਾਣ ’ਤੇ ਅੱਜ ਤਡ਼ਕੇ ਡਾਕਟਰਾਂ ਨੇ ਹਡ਼ਤਾਲ ਕਰ ਦਿੱਤੀ। ਹਸਪਤਾਲ ਮੁਖੀ ਡਾ. ਅਮਿਤਾ ਚੌਧਰੀ ਦੀ ਅਗਵਾਈ ਹੇਠ ਸਾਰੇ ਡਾਕਟਰਾਂ ਨੇ ਨਗਰ ਥਾਣਾ ਨੰਬਰ 1 ਦੇ ਮੁਖੀ ਪਰਮਜੀਤ ਨੂੰ ਸ਼ਿਕਾਇਤ ਪੱਤਰ ਦਿੰਦੇ ਹੋਏ ਉਕਤ ਨੌਜਵਾਨਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਥਾਣਾ ਮੁਖੀ ਦੇ ਭਰੋਸੇ ਤੋਂ ਬਾਅਦ ਡਾਕਟਰਾਂ ਨੇ ਆਪਣੀ ਹਡ਼ਤਾਲ ਖਤਮ ਕਰ ਦਿੱਤੀ। ਇਸ ਮੌਕੇ ਡਾ.  ਯੁਧਿਸ਼ਟਰ ਚੌਧਰੀ, ਡਾ. ਸੁਰੇਸ਼, ਡਾ. ਮਹੇਸ਼, ਡਾ. ਗਗਨਦੀਪ, ਡਾ. ਅਮਨ ਨਾਗਪਾਲ, ਡਾ. ਸੌਰਭ ਫੁਟੇਲਾ, ਡਾ. ਸਾਰੰਗ ਸ਼ਰਮਾ, ਡਾ. ਨੀਰਜਾ ਗੁਪਤਾ, ਡਾ. ਅਰਪਿਤ ਸ਼ਰਮਾ, ਡਾ. ਸੁਪ੍ਰਿਆ ਅਤੇ ਹੋਰ ਸਟਾਫ ਮੌਜੂਦ ਸੀ।   ਜਾਣਕਾਰੀ ਮੁਤਾਬਕ ਬੀਤੀ ਰਾਤ ਡਾ. ਪੁਨੀਤ ਸਲੂਜਾ ਜਦ ਐਮਰਜੈਂਸੀ ਵਾਰਡ ’ਚ ਡਿਊਟੀ ਕਰ ਰਹੇ ਸਨ ਤਾਂ ਇਸ ਦੌਰਾਨ ਰਾਤ ਕਰੀਬ 10 ਵਜੇ ਕਰੀਬ ਅੱਧਾ ਦਰਜਨ ਨੌਜਵਾਨ ਪਿੰਡ ਕੁੰਡਲ ਵਾਸੀ ਇਕ ਖਿਡਾਰੀ ਧਰਮਪ੍ਰੀਤ ਪੁੱਤਰ ਗੁਰਵਿੰਦਰ ਸਿੰਘ ਦੇ ਮੋਡੇ ’ਚ ਸੱਟ ਆਉਣ ’ਤੇ ਉਸ ਨੂੰ ਦਾਖਲ ਕਰਵਾਉਣ ਲਈ ਲੈ ਕੇ ਆਏ। ਡਾ. ਪੁਨੀਤ ਨੇ ਦੱਸਿਆ ਕਿ ਜਦ ਉਸ ਨੇ ਉਕਤ ਨੌਜਵਾਨਾਂ ਨੂੰ ਹਸਪਤਾਲ ’ਚ ਹੱਡੀ ਰੋਗ ਮਾਹਰ ਨਾ ਹੋਣ ਦੀ ਗੱਲ ਕਹਿੰਦੇ ਹੋਏ  ੳੁਸ ਨੂੰ ਰੈਫਰ ਕਰਨ  ਦੀ ਗੱਲ ਕਹੀ ਤਾਂ ਉਨ੍ਹਾਂ ’ਚੋਂ ਬਬੂ ਅਤੇ ਅਮਨਦੀਪ ਨਾਂ ਦੇ ਨੌਜਵਾਨਾਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਕਰਦੇ ਹੋਏ ਧਮਕੀਆਂ ਦਿੱਤੀਆਂ ਅਤੇ ਵੀਡੀਓ ਵੀ ਬਣਾਈ।  ਜ਼ਖਮੀ ਨੌਜਵਾਨ ਦੇ ਨਾਲ ਆਏ ਨੌਜਵਾਨ ਨਸ਼ੇ ’ਚ ਧੁੱਤ ਸਨ  ਜਿਸ ’ਤੇ ਉਨ੍ਹਾਂ ਇਸ ਗੱਲ ਦੀ ਸੂਚਨਾ ਰਾਤ ਨੂੰ ਹੀ ਨਗਰ ਥਾਣਾ ਨੰਬਰ 1 ਦੀ ਪੁਲਸ ਨੂੰ ਦਿੱਤੀ ਤਾਂ ਕੁੱਝ ਸਮੇਂ ਬਾਅਦ 2 ਪੁਲਸ ਕਰਮਚਾਰੀ ਆਏ ਪਰ ਹਸਪਤਾਲ ’ਚ ਆ ਕੇ ਉਕਤ ਨੌਜਵਾਨਾਂ  ਖਿਲਾਫ ਕੋਈ ਕਾਰਵਾਈ ਕਰਨ ਦੀ ਬਜਾਏ  ਚਲਦੇ ਬਣੇ। ਅੱਜ ਸਵੇਰੇ ਇਸ ਗੱਲ ਤੋਂ ਭਡ਼ਕੇ ਡਾਕਟਰਾਂ ਨੇ  ਸਵੇਰੇ 8 ਵਜੇ ਓ. ਪੀ. ਡੀ. ਬੰਦ ਕਰਦੇ ਹੋਏ ਹਸਪਤਾਲ ’ਚ ਹਡ਼ਤਾਲ ਕਰ ਦਿੱਤੀ। 
ਥਾਣਾ ਮੁਖੀ ਦੇ ਭਰੋਸੇ ’ਤੇ ਸ਼ਾਂਤ ਹੋਏ ਡਾਕਟਰ 
ਡਾ. ਪੁਨੀਤ ਨੇ ਹਸਪਤਾਲ ਦੀ ਮੁਖੀ ਡਾ. ਅਮਿਤਾ ਚੌਧਰੀ  ਨੂੰ ਸ਼ਿਕਾਇਤ ਪੱਤਰ ਦਿੰਦੇ ਹੋਏ ਕਿਹਾ ਕਿ ਇਹ ਹਸਪਤਾਲ ’ਚ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਲਈ ਉਨ੍ਹਾਂ ਦੀ ਸੁਰੱਖਿਆ ਦੇ  ਸਖਤ ਇੰਤਜ਼ਾਮ ਕੀਤੇ ਜਾਣ, ਜਿਸ ’ਤੇ ਉਨ੍ਹਾਂ ਕਿਹਾ ਕਿ ਉਹ ਇਸ ਸਬੰਧ ’ਚ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਣਗੇ। ਅੱਜ ਸਵੇਰੇ ਹਸਪਤਾਲ ’ਚ ਡਾਕਟਰਾਂ ਵੱਲੋਂ ਧਰਨਾ ਲਾਉਣ ਦੀ ਸੂਚਨਾ ’ਤੇ ਥਾਣਾ ਮੁਖੀ ਪਰਮਜੀਤ ਮੌਕੇ ’ਤੇ ਪਹੁੰਚੇੇ ਅਤੇ ਡਾਕਟਰਾਂ ਤੋਂ ਪੁੱਛਗਿੱਛ ਕੀਤੀ।  ਇਸ ਤੋਂ ਬਾਅਦ  ਸਾਰੇ  ਡਾਕਟਰਾਂ ਨੇ ਉਨ੍ਹਾਂ ਨੂੰ ਸ਼ਿਕਾਇਤ ਪੱਤਰ ਦਿੰਦੇ ਹੋਏ ਨੌਜਵਾਨਾਂ ’ਤੇ ਕਾਰਵਾਈ ਦੀ ਮੰਗ ਕੀਤੀ, ਜਿਸ ’ਤੇ ਥਾਣਾ ਮੁਖੀ ਨੇ ਉਨ੍ਹਾਂ ਨੂੰ ਸ਼ਾਂਤ ਕਰਵਾਉਂਦੇ ਹੋਏ ਨੌਜਵਾਨਾਂ ’ਤੇ  ਸਖਤ ਕਾਰਵਾਈ ਕਰਨ ਦਾ ਭਰੋਸਾ ਦਿੰਦੇ ਹੋਏ ਹਡ਼ਤਾਲ ਖਤਮ ਕਰਵਾਈ।
 


Related News