ਡਿਪਟੀ ਕਮਿਸ਼ਨਰ ਵੱਲੋਂ 25 ਪਿੰਡਾਂ ਦੇ ਸਰਪੰਚਾਂ ਨਾਲ ਕੀਤੀ ਗਈ ਬੈਠਕ

02/03/2020 11:50:00 PM

ਮਾਨਸਾ, (ਮਿੱਤਲ)- ਝੁਨੀਰ ਦੇ 10 ਪਿੰਡਾਂ ਤੇ ਸਰਦੂਲਗੜ੍ਹ ਦੇ 15 ਪਿੰਡਾਂ 'ਚ ਸਟੇਡੀਅਮ, ਓਪਨ ਜਿੰਮ, ਖੇਡ ਮੈਦਾਨ ਅਤੇ ਟਰੈਕ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ। ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਅਤੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਸ਼੍ਰੀ ਬਿਕਰਮ ਸਿੰਘ ਮੋਫਰ ਨੇ ਅੱਜ ਪਿੰਡ ਪੱਧਰ 'ਤੇ ਵਿਕਸਿਤ ਕੀਤੇ ਜਾਣ ਵਾਲੇ ਇਨ੍ਹਾਂ ਥਾਵਾਂ ਦੇ ਵਿਕਾਸ ਸਬੰਧੀ ਬੈਠਕ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨਾਲ ਬੱਚਤ ਭਵਨ ਵਿਖੇ ਕੀਤੀ ਗਈ।  ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਪਿੰਡਾਂ 'ਚ ਵਿਕਸਿਤ ਕੀਤੀਆਂ ਜਾਣ ਵਾਲੀਆਂ ਇਹ ਥਾਵਾਂ ਖਿਡਾਰੀਆਂ, ਨੌਜਵਾਨਾਂ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਲਈ ਖਿੱਚ ਦਾ ਕੇਂਦਰ ਬਣਨਗੀਆਂ ਜਿੱਥੇ ਇਹ ਲੋਕ ਆਪਣਾ ਗੁਣਵੱਤਾ ਸਮਾਂ ਗੁਜ਼ਾਰ ਸਕਣਗੇ। ਉਨ੍ਹਾਂ ਸਰਪੰਚਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਪਿੰਡਾਂ 'ਚ ਉਨ੍ਹਾਂ ਥਾਵਾਂ ਦੀ ਚੋਣ ਕਰਨ ਜਿਹੜੀਆਂ ਪਿੰਡ ਦੇ ਨੇੜੇ ਹੋਣ ਅਤੇ ਜਿਥੇ ਆਮ ਵਿਅਕਤੀ ਲਈ ਆਉਣਾ-ਜਾਣਾ ਸੌਖਾ ਹੋਵੇ। ਉਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ 1 ਏਕੜ, 3 ਏਕੜ ਅਤੇ 5 ਏਕੜ ਦੇ ਹਿਸਾਬ ਨਾਲ ਪ੍ਰੋਜੈਕਟਾਂ 'ਤੇ ਆਉਣ ਵਾਲੇ ਖਰਚੇ ਦਾ ਅਨੁਮਾਨ ਤਿਆਰ ਕਰਨ, ਤਾਂ ਜੋ ਪਿੰਡਾਂ ਵਿੱਚ ਮੌਜੂਦ ਰਕਬੇ ਅਨੁਸਾਰ ਇਨ੍ਹਾਂ ਪ੍ਰੋਜੈਕਟਾਂ ਨੂੰ ਲਗਾਇਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਪੰਚ ਇਨ੍ਹਾਂ ਥਾਵਾਂ ਦੀ ਚੋਣ ਕਰਕੇ ਉਸ ਸਬੰਧੀ ਮਤੇ ਜਲਦ ਹੀ ਪਾਸ ਕਰ ਲੈਣ ਅਤੇ ਆਪਣਾ ਕਾਗਜ਼ੀ ਕੰਮ ਪੂਰਾ ਕਰ ਲੈਣ, ਤਾਂ ਜੋ ਪ੍ਰੋਜੈਕਟਾਂ ਨੂੰ ਸ਼ੁਰੂ ਕੀਤਾ ਜਾ ਸਕੇ। ਪਿੰਡਾਂ ਵਿੱਚ ਬਣਨ ਵਾਲੇ ਇਨ੍ਹਾਂ ਪ੍ਰੋਜੈਕਟਾਂ 'ਚ ਖੇਡ ਮੈਦਾਨ, ਓਪਨ ਜਿੰਮ, ਸਟੇਡੀਅਮ, ਝੂਲੇ, ਬੈਠਣ ਲਈ ਬੈਂਚ, ਫਲੱਡ ਲਾਈਟਾਂ ਦਾ ਪ੍ਰਬੰਧ, ਟੁਆਇਲਟਸ ਆਦਿ ਲਈ ਵੀ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਝੁਨੀਰ ਅਤੇ ਸਰਦੂਲਗੜ੍ਹ ਵਿਖੇ ਪਾਇਲਟ ਪ੍ਰੋਜੈਕਟ ਵਜੋਂ ਚਲਾਉਣ ਤੋਂ ਬਾਅਦ ਇਹ ਪ੍ਰੋਜੈਕਟ ਜ਼ਿਲ੍ਹਾ ਮਾਨਸਾ ਦੇ ਹੋਰ ਪਿੰਡਾਂ ਵਿੱਚ ਵੀ ਲਗਾਏ ਜਾਣਗੇ। ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ਼੍ਰੀ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਇਸ ਤਰ੍ਹਾਂ ਦੇ ਵਿਕਾਸ ਪ੍ਰੋਜੈਕਟ ਲੁਧਿਆਣਾ ਦੇ ਦਾਖਾ ਇਲਾਕੇ ਵਿੱਚ ਵੀ ਬਣਵਾਏ ਸਨ, ਜਿੱਥੇ ਉਹ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਵਜੋਂ ਤਾਇਨਾਤ ਸਨ। ਉਨ੍ਹਾਂ ਸਰਪੰਚਾਂ ਨੂੰ ਕਿਹਾ ਕਿ ਉਹ ਇਨ੍ਹਾਂ ਪ੍ਰੋਜੈਕਟਾਂ ਦੀ ਚੰਗੀ ਮਿਆਰੀ ਦੀ ਉਸਾਰੀ ਨੂੰ ਯਕੀਨੀ ਬਣਾਉਣ, ਤਾਂ ਜੋ ਪਿੰਡ ਵਾਸੀਆਂ ਨੂੰ ਚੰਗੇਰੇ ਪ੍ਰੋਜੈਕਟ ਦਿੱਤੇ ਜਾ ਸਕਣ। ਉਨ੍ਹਾਂ ਪੰਚਾਇਤਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸ਼ੁਰੂ ਹੋਣ 'ਤੇ ਇਨ੍ਹਾਂ ਪ੍ਰੋਜੈਕਟਾਂ ਦੀ ਨਿਗਰਾਨੀ ਆਪ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਜਦ ਇਹ ਪ੍ਰੋਜੈਕਟ ਬਣ ਕੇ ਤਿਆਰ ਹੋ ਜਾਣਗੇ ਉਦੋਂ ਇਸ ਦੀ ਦੇਖ-ਰੇਖ ਲਈ ਵੀ ਕਮੇਟੀਆਂ ਬਣਾਈਆਂ ਜਾਣ, ਤਾਂ ਜੋ ਸਰਕਾਰ ਵੱਲੋਂ ਲਗਾਏ ਜਾ ਰਹੇ ਫੰਡਾਂ ਦੀ ਬਰਬਾਦੀ ਨਾ ਹੋਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ, ਸਰਪੰਚ ਜਗਸੀਰ ਸਿੰਘ ਮੀਰਪੁਰ, ਸਰਪੰਚ ਪੋਲੋਜੀਤ ਸਿੰਘ ਬਾਜੇਵਾਲਾ, ਸਰਪੰਚ ਗੁਰਵਿੰਦਰ ਸਿੰਘ ਘੋਨਾ, ਸਰਪੰਚ ਕੁਲਦੀਪ ਸਿੰਘ ਝੇਰਵਾਲਾ, ਵੱਖ-ਵੱਖ ਪਿੰਡਾਂ ਦੇ ਸਰਪੰਚ ਮੌਜੂਦ ਸਨ।


Bharat Thapa

Content Editor

Related News