ਕੋਟਕਪੂਰਾ ’ਚ ਡੇਂਗੂ ਦਾ ਕਹਿਰ ਜਾਰੀ, ਸਿਹਤ ਵਿਭਾਗ ਵੱਲੋਂ 189 ਮਰੀਜ਼ਾਂ  ਦੀ ਪੁਸ਼ਟੀ

10/17/2018 5:35:24 AM

ਕੋਟਕਪੂਰਾ, (ਨਰਿੰਦਰ, ਭਾਵਿਤ)- ਕੋਟਕਪੂਰਾ ਸ਼ਹਿਰ ’ਚ ਡੇਂਗੂ ਦਾ ਕਹਿਰ ਦਿਨੋ-ਦਿਨ ਵੱਧ ਰਿਹਾ ਹੈ। ਬੀਤੇ ਸਾਲਾਂ ਦੌਰਾਨ ਕੋਟਕਪੂਰਾ ’ਚ ਡੇਂਗੂ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਇਸ ਸਾਲ ਕੁਝ ਦਿਨਾਂ ਤੋਂ ਕੋਟਕਪੂਰਾ ਇਲਾਕੇ ’ਚ ਰੋਜ਼ਾਨਾ ਵੱਡੀ ਗਿਣਤੀ ’ਚ ਡੇਂਗੂ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਸ਼ਹਿਰ ਦਾ ਸ਼ਾਇਦ ਹੀ ਕੋਈ ਅਜਿਹਾ ਇਲਾਕਾ ਬਚਿਆ ਹੋਵੇਗਾ, ਜਿੱਥੇ ਡੇਂਗੂ ਦਾ ਮਰੀਜ਼ ਨਾ ਹੋਵੇ। ਸ਼ਹਿਰ ’ਚ 189 ਡੇਂਗੂ ਤੋਂ ਪੀਡ਼ਤ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਨੀਮ-ਹਕੀਮਾਂ ਦੇ ਚੱਕਰਾਂ ਦੇ ਨਾਲ-ਨਾਲ ਦੇਸੀ ਟੋਟਕਿਆਂ ਨੂੰ ਵੀ ਆਪਣਾ ਰਹੇ ਹਨ। 
ਬੀਤੇ ਸ਼ਨੀਵਾਰ ਇਕ ਸਕੂਲ ਪ੍ਰਿੰਸੀਪਲ ਦੀ ਡੇਂਗੂ ਨਾਲ ਹੋਈ ਸ਼ੱਕੀ ਮੌਤ ਅਤੇ ਲਗਾਤਾਰ ਡੇਂਗੂ ਤੋਂ ਪੀੜਤ ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਫਰੀਦਕੋਟ ਅਤੇ  ਜ਼ਿਲਾ ਐਪੀਡੀਮੋਲੋਜਿਸਟ ਡਾ. ਕਮਲਦੀਪ ਕੌਰ ਦੀ ਅਗਵਾਈ ਹੇਠ ਵਿਭਾਗ ਨੇ  ਜ਼ਿਲੇ ਦੀ ਪੂਰੀ ਤਾਕਤ ਕੋਟਕਪੂਰਾ ਵਿਚ ਲਾ ਦਿੱਤੀ ਹੈ। 
ਇਸ ਦੌਰਾਨ ਵਿਭਾਗ ਵੱਲੋਂ ਡੇਂਗੂ ਸਰਵੇ ਵਿਚ ਹੋਰ ਤੇਜ਼ੀ ਲਿਆਉਂਦੇ ਹੋਏ ਅੱਜ ਕੋਟਕਪੂਰਾ ਦੇ ਜਲਾਲੇਆਣਾ ਰੋਡ, ਦੇਸਰਾਜ ਬਸਤੀ, ਰਿਸ਼ੀ ਨਗਰ, ਪ੍ਰੇਮ ਨਗਰ, ਸੁਰਗਾਪੁਰੀ ਅਤੇ ਪੁਰਾਣਾ ਸ਼ਹਿਰ ਆਦਿ ਇਲਾਕਿਆਂ ਵਿਚ ਸਰਵੇ ਕੀਤਾ ਗਿਆ, ਜਿਸ ਦੌਰਾਨ 9 ਥਾਵਾਂ ਤੋਂ ਦਾ ਲਾਰਵਾ ਮਿਲਿਆ। ਵਿਭਾਗ ਵੱਲੋਂ ਅੱਜ ਗਠਿਤ ਟੀਮਾਂ ਵਿਚ ਸਿਵਲ ਸਰਜਨ ਦਫਤਰ ਫਰੀਦਕੋਟ ਅਤੇ ਜੰਡ ਸਾਹਿਬ ਦੇ ਸਮੂਹ ਸੁਪਰਵਾਈਜ਼ਰ ਤੇ ਮਲਟੀਪਰਪਜ਼ ਹੈਲਥ ਵਰਕਰ ਮੇਲ ਦੀਆਂ ਡਿਊਟੀਆਂ ਅਗਲੇ ਹੁਕਮਾਂ ਤੱਕ ਕੋਟਕਪੂਰਾ ਵਿਖੇ ਲਾ ਦਿੱਤੀਆਂ ਗਈਆਂ ਹਨ। ਲਾਰਵਾ ਮਿਲਣ ਵਾਲੀਆਂ ਥਾਵਾਂ ਨਾਲ ਸਬੰਧਤ ਮਾਲਕਾਂ ਦੇ ਚਲਾਨ ਸਬੰਧੀ ਨਗਰ ਕੌਂਸਲ ਕੋਟਕਪੂਰਾ ਨੂੰ ਉਕਤ ਟੀਮ ਵੱਲੋਂ ਲਿਖਤੀ ਤੌਰ ’ਤੇ ਭੇਜਿਆ ਗਿਆ ਹੈ। 
ਡੇਂਗੂ ਨਾਲ ਮਰੀਜ਼ ਦੀ ਮੌਤ ਹੋਣ ਦਾ ਮਾਮਲਾ ਅਜੇ ਸ਼ੱਕੀ : ਜ਼ਿਲਾ ਐਪੀਡੀਮੋਲੋਜਿਸਟ  :  ਸ਼ਹਿਰ ’ਚ ਡੇਂਗੂ ਨਾਲ ਇਕ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਦੀ ਹੋਈ ਮੌਤ ਦੇ ਸਬੰਧ ’ਚ ਜ਼ਿਲਾ ਐਪੀਡੀਮੋਲੋਜਿਸਟ ਡਾ. ਕਮਲਦੀਪ ਕੌਰ ਨੇ ਕਿਹਾ ਕਿ ਇਹ ਮੌਤ ਅਜੇ ਸ਼ੱਕੀ ਹੈ ਕਿਉਂਕਿ ਮਰੀਜ਼ ਦਾ ਡੇਂਗੂ ਨਾਲ ਸਬੰਧਤ ਕੋਈ ਵੀ ਟੈਸਟ ਨਹੀਂ ਸੀ ਕਰਵਾਇਆ ਗਿਆ।  ਇਸ ਤਰ੍ਹਾਂ ਦੀ ਹੋਈ ਸ਼ੱਕੀ ਮੌਤ ਦਾ ਬਾਕਾਇਦਾ ਰੀਵਿਊ ਕੀਤਾ ਜਾਂਦਾ ਹੈ ਅਤੇ ਬਾਕਾਇਦਾ ਵਿਭਾਗ ਦੀ ਇਕ ਰੀਵਿਊ ਕਮੇਟੀ ਬਣਾਈ ਜਾਂਦੀ ਹੈ, ਜਿਸ ਵਿਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬੁਲਾਉਣਾ ਹੁੰਦਾ ਹੈ। 
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਸ ਸਬੰਧੀ ਅਗਲੇ ਹਫਤੇ ਰੀਵਿਊ ਕੀਤਾ ਜਾਵੇਗਾ। ਉਸ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਇਹ ਮੌਤ ਡੇਂਗੂ ਕਾਰਨ ਹੋਈ ਹੈ ਜਾਂ ਨਹੀਂ।  ਸਿਹਤ ਵਿਭਾਗ ਵੱਲੋਂ ਕੋਟਕਪੂਰਾ ਵਿਚ ਵੱਧ ਰਹੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਨੂੰ ਬਡ਼ੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। 


Related News