80 ਗੱਡੀਆਂ ਦੇ ਕਾਫਲੇ ਨਾਲ ਕਿਸਾਨੀ ਸੰਘਰਸ ''ਚ ਸ਼ਾਮਲ ਹੋਣ ਲਈ ਰਵਾਨਾ ਹੋਣਗੇ ਡੈਮੋਕ੍ਰੇਟਿਕ ਦੇ ਆਗੂ ਤੇ ਵਰਕਰ

12/04/2020 5:22:11 PM

ਦਿੜਬਾ ਮੰਡੀ(ਅਜੈ): ਦੇਸ਼ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ, ਹਰਿਆਣਾ ਤੋਂ ਇਲਾਵਾ ਦੇਸ਼ ਦੇ ਕਈ ਹੋਰ ਸੂਬੇ ਦੇ ਵੱਡੀ ਗਿਣਤੀ ਕਿਸਾਨਾਂ ਨੇ ਦਿੱਲੀ ਵਿਖੇ ਧਰਨੇ ਲਗਾਏ ਹੋਏ ਹਨ। ਜਿਨ੍ਹਾਂ 'ਚ ਦਿਨ ਪ੍ਰਤੀਦਿਨ ਕਿਸਾਨਾਂ ਤੋਂ ਇਲਾਵਾ ਹੋਰ ਵੀ ਲੋਕ ਆਪਣਾ ਸਮਰਥਨ ਦੇ ਰਹੇ ਹਨ। ਕਿਸਾਨੀ ਸੰਘਰਸ ਸਬੰਧੀ ਅੱਜ ਦਿੜਬਾ ਵਿਖੇ ਰੱਖੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਆਗੂ ਜਥੇਦਾਰ ਹਰਦੇਵ ਸਿੰਘ ਰੋਗਲਾ ਮੈਂਬਰ ਸ੍ਰੋਮਣੀ ਕਮੇਟੀ ਅਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਸਿੰਧੜਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਦਿੜਬਾ ਤੋਂ 80 ਗੱਡੀਆਂ ਦੇ ਵਿਸਾਲ ਕਾਫਲੇ ਨਾਲ ਵੱਡੀ ਗਿਣਤੀ ਆਗੂ ਤੇ ਵਰਕਰ ਕਿਸਾਨੀ ਸੰਘਰਸ 'ਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋਣਗੇ।

ਪੂਰੇ ਜ਼ਿਲੇ ਦੇ ਹਰੇਕ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਵਰਕਰ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ 'ਚ ਕਿਸਾਨਾਂ ਦੇ ਸੰਘਰਸ 'ਚ ਡਟ ਕੇ ਆਪਣਾ ਬਣਦਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਵੱਲੋਂ ਕੇਂਦਰ ਦੇ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਆਪਣਾ ਪਦਮ ਭੂਸ਼ਣ ਭਾਰਤ ਸਰਕਾਰ ਨੂੰ ਵਾਪਸ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਦੇਸ਼ ਦੇ ਅੰਨਦਾਤਾ ਨਾਲ ਸਰਕਾਰ ਬੇਇਨਸਾਫੀ ਕਰ ਰਹੀ ਹੋਵੇ ਉੱਥੇ ਅਜਿਹੇ ਸਨਮਾਨ ਕੋਈ ਮਾਇਨੇ ਨਹੀਂ ਰੱਖਦੇ। ਉਕਤ ਆਗੂਆਂ ਨੇ ਕਿਹਾ ਕਿ ਸ੍ਰ. ਢੀਂਡਸਾ ਦੇ ਨਾਲ ਪਾਰਟੀ ਦਾ ਹਰ ਇਕ ਵਰਕਰ ਕਿਸਾਨਾਂ ਦੇ ਇਸ ਸੰਘਰਸ 'ਚ ਉਨ੍ਹਾਂ ਦੇ ਨਾਲ ਖੜ੍ਹਾ ਹੈ। ਇਸ ਮੌਕੇ ਨੰਬਰਦਾਰ ਜਤਿੰਦਰ ਕੁਮਾਰ ਪੱਪੂ, ਰਣਧੀਰ ਸਿੰਘ ਸਮੂੰਰਾਂ ਮੈਂਬਰ ਕੋਰ ਕਮੇਟੀ ਯੂਥ, ਸਾਬਕਾ ਪ੍ਰਧਾਨ ਪ੍ਰਗਟ ਸਿੰਘ, ਭਰਪੂਰ ਸਿੰਘ ਅਤੇ ਦਰਸ਼ਨ ਸਾਸ਼ਤਰੀ ਰੋਗਲਾ ਆਦਿ ਸ਼ਾਮਲ ਸਨ।  


Aarti dhillon

Content Editor

Related News