ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਖੇਤਾਂ ’ਚ ਫਾਹਾ ਲੈ ਕੀਤੀ ਖੁਦਕੁਸ਼ੀ, ਮ੍ਰਿਤਕ ਸੀ 4 ਧੀਆਂ ਦਾ ਪਿਓ

05/11/2022 5:24:25 PM

ਮਾਨਸਾ (ਚਾਹਲ) : ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦੇ ਮਾਨਸਾ ਦੇ ਪਿੰਡ ਕੋਟਲੀ ਕਲਾਂ ਦੇ 48 ਸਾਲਾਂ ਖੇਤ ਮਜ਼ਦੂਰ ਮੇਵਾ ਸਿੰਘ ਨੇ ਪਹਿਲਾ ਨਰਮਾਂ ਅਤੇ ਹੁਣ ਕਣਕ ਦੀ ਫਸਲ ਦਾ ਝਾੜ ਘੱਟ ਨਿਕਲਣ ਤੋਂ ਪ੍ਰੇਸ਼ਾਨ ਹੋ ਕੇ ਸਵੇਰੇ ਘਰ ’ਚ ਹੀ ਫਾਹਾ ਲਗਾਕੇ ਖੁਦਕੁਸ਼ੀ ਕਰ ਲਈ। ਮਜਦੂਰ ਪਰਿਵਾਰ ਜਿੱਥੇ 5/6 ਲੱਖ ਦਾ ਕਰਜ਼ਈ ਹੈ, ਉੱਥੇ ਮੇਵਾ ਸਿੰਘ ਪਿੱਛੇ ਪਤਨੀ ਅਤੇ ਚਾਰ ਧੀਆਂ ਨੂੰ ਛੱਡ ਗਿਆ ਹੈ। ਕਿਸਾਨ ਜੱਥੇਬੰਦੀ ਉਗਰਾਹਾਂ ਨੇ ਮਜਦੂਰ ਪਰਿਵਾਰ ਲਈ ਪੂਰਨ ਕਰਜ਼ਾ ਮੁਆਫ਼, ਨੌਕਰੀ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ : ਮਾਲਵੇ ਦੇ ਰੁਪਿੰਦਰਪਾਲ ਸਿੰਘ ਨੂੰ ਮਿਲੀ ਭਾਰਤੀ ਹਾਕੀ ਟੀਮ ਦੀ ਕਪਤਾਨੀ, ਪਰਿਵਾਰ ’ਚ ਖ਼ੁਸ਼ੀ ਦਾ ਮਾਹੌਲ

ਨਰਮੇ ਦੀ ਫਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਅਤੇ ਹੁਣ ਕਣਕ ਦੀ ਘੱਟ ਪੈਦਾਵਾਰ ਕਾਰਨ ਅਪ੍ਰੈਲ ਮਹੀਨੇ ਦੌਰਾਨ ਜਿੱਥੇ ਦਰਜਨ ਤੋਂ ਜ਼ਿਆਦਾ ਕਿਸਾਨ ਪੰਜਾਬ ਵਿੱਚ ਖੁਦਕੁਸ਼ੀ ਕਰ ਰਹੇ ਹਨ, ਉੱਥੇ ਅੱਜ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਪਿੰਡ ਕੋਟਲੀ ਕਲਾਂ ਦੇ 48 ਸਾਲਾ ਖੇਤ ਮਜ਼ਦੂਰ ਨੇ ਵੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਕੇ ਖੁਦਕੁਸ਼ੀ ਕਰ ਲਈ ਹੈ। ਖੇਤ ਮਜ਼ਦੂਰ ਮੇਵਾ ਸਿੰਘ ਦੇ ਰਿਸ਼ਤੇਦਾਰ ਦਰਬਾਰਾ ਸਿੰਘ ਅਤੇ ਕਿਸਾਨ ਆਗੂ ਭਾਨ ਸਿੰਘ ਨੇ ਕਿਹਾ ਕਿ ਪਿੰਡ ਕੋਟਲੀ ਕਲਾਂ ਦੇ ਰਹਿਣ ਵਾਲੇ ਖੇਤ ਮਜ਼ਦੂਰ ਮੇਵਾ ਸਿੰਘ ਪੁੱਤਰ ਬਲਬੀਰ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਕੋਲ ਆਪਣੀ ਕੋਈ ਜ਼ਮੀਨ ਨਹੀਂ ਸੀ ਅਤੇ ਇਹ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਨਰਮੇ ਦੀ ਫ਼ਸਲ ਖ਼ਰਾਬ ਹੋਣ ਅਤੇ ਇਸ ਵਾਰ ਕਣਕ ਦਾ ਝਾੜ ਘਟਣ ਕਾਰਨ ਮਜਦੂਰ ਦੇ ਸਿਰ 5-6 ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ, ਜਿਸਦੇ ਚਲਦਿਆਂ ਅੱਜ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਸਿਰ ਚੜਿਆ ਕਰਜਾ ਮੁਆਫ਼ ਕੀਤਾ ਜਾਵੇ ਅਤੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਇਹ ਵੀ ਪੜ੍ਹੋ : ਬਜ਼ੁਰਗਾਂ ਨੇ ਮਾਸੂਮ ਬੱਚੇ 'ਤੇ ਢਾਹਿਆ ਤਸ਼ੱਦਦ, ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਲਿਆ ਫੌਰੀ ਐਕਸ਼ਨ

ਉੱਧਰ ਥਾਣਾ ਸਦਰ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਕੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਜਾਂਚ ਅਧਿਕਾਰੀ ਗੰਗਾ ਰਾਮ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਦੇ ਬਿਆਨ ਤੇ 174 ਦੀ ਕਾਰਵਾਈ ਕੀਤੀ ਗਈ ਹੈ, ਜਿਸ ਨੇ ਬਿਆਨ ਲਿਖਵਾਇਆ ਹੈ ਕਿ ਉਸਦਾ ਪਤੀ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਸੀ ਅਤੇ ਪਹਿਲਾਂ ਨਰਮੇ ਦੀ ਫ਼ਸਲ ਖ਼ਰਾਬ ਹੋਣ ਅਤੇ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਮੇਵਾ ਸਿੰਘ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਮੇਵਾ ਸਿੰਘ ਨੇ ਆੜਤੀ ਅਤੇ ਠੇਕੇ ’ਤੇ ਲਈ ਜ਼ਮੀਨ ਦੇ ਪੈਸੇ ਦੇਣੇ ਸਨ, ਜਿਸਦੇ ਕਾਰਨ ਉਸਨੇ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ।

ਨੋਟ - ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Meenakshi

News Editor

Related News