ਪਿੰਡ ਰਾਜਗੜ੍ਹ ਸੋਂਧੇਵਾਲ ਦੇ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ, ਪਰਿਵਾਰ ਵੱਲੋਂ ਕਤਲ ਦੇ ਦੋਸ਼

Thursday, May 28, 2026 - 06:24 PM (IST)

ਪਿੰਡ ਰਾਜਗੜ੍ਹ ਸੋਂਧੇਵਾਲ ਦੇ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ, ਪਰਿਵਾਰ ਵੱਲੋਂ ਕਤਲ ਦੇ ਦੋਸ਼

ਘੱਗਾ (ਸੁਖਦੀਪ ਸਿੰਘ ਮਾਨ) : ਹਲਕਾ ਸ਼ੁਤਰਾਣਾ ਅਧੀਨ ਪੈਂਦੇ ਪਿੰਡ ਰਾਜਗੜ੍ਹ ਸੋਂਧੇਵਾਲ ਦੇ 24 ਸਾਲਾ ਨੌਜਵਾਨ ਲੱਖ ਨਿਰੰਜਨ ਉਰਫ ਹਨੀ ਦੀ 20 ਮਈ ਨੂੰ ਸ਼ੱਕੀ ਹਾਲਾਤ ਵਿਚ ਹੋਈ ਮੌਤ ਦੇ 8 ਦਿਨ ਬੀਤ ਜਾਣ ਬਾਅਦ ਵੀ ਹਨੀ ਦੀ ਮੌਤ ਦੇ ਜ਼ਿੰਮੇਵਾਰ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਇਸ ਦੇ ਚੱਲਦੇ ਪਰਿਵਾਰਕ ਮੈਂਬਰਾਂ ਨੇ ਹਲਕਾ ਸ਼ੁਤਰਾਣਾ ਦੇ ਸਰਗਰਮ ਨੌਜਵਾਨ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਕੋਲ ਇਨਸਾਫ ਦੀ ਗੁਹਾਰ ਲਗਾਈ। ਜਿਸ ਤੋਂ ਬਾਅਦ ਫੌਰੀ ਹਰਕਤ ਵਿਚ ਆਉਂਦਿਆਂ ਨੌਜਵਾਨ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਮੋਹਤਬਰ ਸਾਥੀਆਂ ਨੂੰ ਨਾਲ ਲੈ ਕੇ ਪੁਲਸ ਚੌਂਕੀ ਮਵੀ ਕਲਾਂ ਪਹੁੰਚੇ। ਮ੍ਰਿਤਕ ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਨੇ ਆਪਣੇ ਲੜਕੇ ਦੀ ਮੌਤ ਸੋਚੀ ਸਮਝੀ ਸਾਜ਼ਿਸ਼ ਤਹਿਤ ਕਤਲ ਹੋਣ ਦਾ ਸ਼ੰਕਾ ਪ੍ਰਗਟਾਇਆ ਹੈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਕ ਲਿਖਤੀ ਸ਼ਿਕਾਇਤ ਥਾਣਾ ਮੁਖੀ ਬਲਕਾਰ ਸਿੰਘ ਨਿਰਮਾਣ ਨੂੰ ਸੌਂਪਦਿਆਂ ਦੋਸ਼ੀਆਂ ਖਿਲਾਫ ਕਾਰਵਾਈ ਲਈ ਪੁਲਸ ਨੂੰ 2 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। 

ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਉਨ੍ਹਾਂ ਦਾ ਲੜਕਾ ਲੱਖ ਨਿਰੰਜਨ ਡੇਢ ਸਾਲ ਪਹਿਲਾਂ ਨਸ਼ਿਆਂ ਦੀ ਮਾੜੀ ਸੰਗਤ ਵਿਚ ਪੈ ਗਿਆ ਸੀ। ਜਿਸ ਤੋਂ ਬਾਅਦ ਉਹ ਨਸ਼ਿਆਂ ਨੂੰ ਛੱਡਣ ਲਈ 2-3 ਮਹੀਨੇ ਸਮਰਾਲਾ ਦੇ ਨਸ਼ਾ ਛੁਡਾਊ ਕੇਂਦਰ ਵਿਚ ਰਿਹਾ ਅਤੇ ਨਸ਼ੇ ਛੱਡ ਗਿਆ ਸੀ। ਹੁਣ ਉਹ ਪਟਿਆਲਾ ਦੇ ਇਕ ਮਾਲ ਵਿਚ ਸੁਰੱਖਿਆ ਗਾਰਡ ਵਜੋਂ ਡਿਊਟੀ ਕਰਦਾ ਸੀ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਕੁਝ ਦਿਨਾਂ ਤੋਂ ਲੱਖ ਨਿਰੰਜਨ ਕੁਝ ਲੜਕਿਆਂ ਤੋਂ ਪਰੇਸ਼ਾਨ ਸੀ ਜੋ ਉਸਨੂੰ ਫਿਰ ਉਸ ਦਲਦਲ ਵਿਚ ਲਿਜਾਉਣ ਲਈ ਪਰੇਸ਼ਾਨ ਕਰ ਰਹੇ ਸਨ। 20 ਮਈ ਉਹ ਘਰ ਤੋਂ ਪਟਿਆਲਾ ਆਪਣੇ ਕੰਮ ‘ਤੇ ਗਿਆ ਸੀ ਪਰ ਸ਼ਾਮ ਸਮੇਂ ਉਸਦੀ ਮੌਤ ਦੀ ਖਬਰ ਆਈ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਸਦੇ ਲੜਕੇ ਦਾ ਕਤਲ ਕੀਤਾ ਗਿਆ ਹੈ, ਇਸ ਸਾਜਿਸ਼ ਵਿਚ ਸ਼ਾਮਲ ਦੋਸ਼ੀਆਂ ਖਿਲਾਫ ਜੇਕਰ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਇਨਸਾਫ ਲਈ ਪੁਲਸ ਪ੍ਰਸ਼ਾਸ਼ਨ ਖਿਲਾਫ ਰੋਸ ਪ੍ਰਦਰਸ਼ਨ ਕਰਾਂਗੇ। ਇਸਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਗੁਰਤੇਜ ਸਿੰਘ ਸੋਂਦੇਵਾਲ, ਅਵਤਾਰ ਸਿੰਘ ਪਿੰਡ ਦੇ ਸਾਬਕਾ ਸਰਪੰਚ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ। 


author

Gurminder Singh

Content Editor

Related News