ਜਨਮ ਦਿਨ ਦੀ ਪਾਰਟੀ ''ਤੇ ਨੌਜਵਾਨ ਦਾ ਕਤਲ, 6 ਖ਼ਿਲਾਫ਼ ਮਾਮਲਾ ਦਰਜ

Wednesday, Jul 01, 2026 - 01:27 PM (IST)

ਜਨਮ ਦਿਨ ਦੀ ਪਾਰਟੀ ''ਤੇ ਨੌਜਵਾਨ ਦਾ ਕਤਲ, 6 ਖ਼ਿਲਾਫ਼ ਮਾਮਲਾ ਦਰਜ

ਰਾਜਪੁਰਾ (ਇਕਬਾਲ) : ਥਾਣਾ ਸਿਟੀ ਪੁਲਸ ਰਾਜਪੁਰਾ ਨੇ ਬੀਤੇ ਦਿਨੀਂ ਆਪਣੇ ਦੋਸਤਾਂ ਨਾਲ ਜਨਮ ਦਿਨ ਮਨਾਉਣ ਗਏ ਪਿੰਡ ਸ਼ਾਮਦੂ ਦੇ ਇਕ 19 ਸਾਲ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ ਦੇ ਮਾਮਲੇ ’ਚ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਉਸ ਨਾਲ ਜਨਮ ਦਿਨ ਮਨਾਉਣ ਸਮੇਂ ਮੌਕੇ ’ਤੇ ਮੌਜੂਦ ਕਥਿਤ ਤੌਰ ’ਤੇ 6 ਦੋਸਤਾਂ ਖਿਲਾਫ ਕਤਲ ਦੀ ਧਾਰਾ ਸਮੇਤ ਹੋਰਨਾਂ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਕੇ ਦੋਸ਼ੀਆਂ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਪੁਲਸ ਕੋਲ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਸ਼ਾਮਦੋ ਨੇ ਬਿਆਨ ਦਰਜ ਕਰਵਾਏ ਕੇ ਉਸ ਦਾ ਲੜਕਾ ਗੁਰਤੇਜ ਸਿੰਘ (19) ਆਪਣੇ 6 ਦੋਸਤਾਂ ਨਾਲ ਰਾਜਪੁਰਾ ਚੰਡੀਗੜ੍ਹ ਰੋਡ ’ਤੇ ਸਥਿਤ ਗੋਗੀ ਢਾਬੇ ’ਚ ਜਨਮ ਦਿਨ ਮਨਾਉਣ ਲਈ ਗੱਡੀ ’ਚ ਸਵਾਰ ਹੋ ਕੇ ਗਿਆ ਸੀ। 

ਇਸ ’ਤੇ ਜਦੋਂ ਉਸ ਦਾ ਲੜਕਾ ਖੂਨ ਨਾਲ ਲੱਥ-ਪੱਥ ਹੋ ਕੇ ਆਪਣੇ ਘਰ ਪਹੁੰਚਿਆ ਤਾਂ ਮੇਰੇ ਘਰ ’ਚ ਨਾ ਹੋਣ ’ਤੇ ਮੇਰੇ ਪਿਤਾ ਮਹਿੰਦਰ ਸਿੰਘ ਨੇ ਫੋਨ ਕਰ ਕੇ ਦੱਸਿਆ ਕਿ ਗੁਰਤੇਜ ਸਿੰਘ ਦੀ ਲੜਾਈ ਹੋਣ ਕਾਰਨ ਉਸ ਦੇ ਸੱਟਾਂ ਲੱਗੀਆਂ ਹਨ। ਇਹ ਕਹਿ ਕੇ ਉਹ ਬੇਹੋਸ਼ ਹੋ ਗਿਆ। ਜਦੋਂ ਉਸ ਨੂੰ ਸਿਵਲ ਹਸਪਤਾਲ ਰਾਜਪੁਰਾ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੋਸ਼ ਲਾਇਆ ਕਿ ਗੁਰਤੇਜ ਸਿੰਘ ਦੇ ਸਿਰ ਦੇ ਪਿੱਛੇ ਲੋਹੇ ਦੀ ਰਾਡ ਨਾਲ ਵਾਰ ਕੀਤੇ ਹੋਣ ਸਬੰਧੀ ਅਤੇ ਹੱਥ ’ਤੇ ਕਿਰਚ ਨਾਲ ਵਾਰ ਕੀਤੇ ਜਾਣ ਸਬੰਧੀ ਸੱਟਾਂ ਦੇ ਨਿਸ਼ਾਨ ਸਨ ਅਤੇ ਖੂਨ ਵਗ ਰਿਹਾ ਸੀ। ਉਸ ਨੂੰ ਸ਼ੱਕ ਹੈ ਕਿ ਉਸ ਦੇ 6 ਦੋਸਤਾਂ ਨੇ ਉਸ ਦੀ ਕੁੱਟਮਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਹੈ।

ਥਾਣਾ ਸਿਟੀ ਪੁਲਸ ਵੱਲੋਂ ਪਿੰਡ ਸ਼ਾਮਦੋ ਦੇ ਮ੍ਰਿਤਕ ਨੌਜਵਾਨ ਗੁਰਤੇਜ ਸਿੰਘ ਦੇ 6 ਦੋਸਤਾਂ ਹਰਮਨ ਸਿੰਘ ਪੁੱਤਰ ਕਰਮਜੀਤ ਸਿੰਘ, ਬਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ, ਉਦੈ ਸਿੰਘ ਪੁੱਤਰ ਰਾਮ ਦਿਆਲ, ਨਵਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ, ਬਲਵਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਅਤੇ ਆਕਾਸ਼ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀਆਨ ਪਿੰਡ ਸ਼ਾਮਦੂ ਖਿਲਾਫ ਕਤਲ ਦੀ ਧਾਰਾ 103 ਸਮੇਤ ਵੱਖ-ਵੱਖ ਧਰਾਵਾਂ ਹੇਠ ਮਾਮਲਾ ਕਰ ਕੇ ਜਾਂਚ ਆਰੰਭ ਦਿੱਤੀ ਹੈ। ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਉਕਤ ਨੌਜਵਾਨ ਦੇ ਕਤਲ ਦੇ ਮਾਮਲੇ ਸਬੰਧੀ ਸਿਟੀ ਪੁਲਸ ਵੱਲੋਂ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News