ਅਣਪਛਾਤੇ ਵਾਹਨ ਨੇ ਨੌਜਵਾਨ ਨੂੰ ਮਾਰੀ ਟੱਕਰ, ਮੌਤ

Friday, Feb 15, 2019 - 07:23 PM (IST)

ਅਣਪਛਾਤੇ ਵਾਹਨ ਨੇ ਨੌਜਵਾਨ ਨੂੰ ਮਾਰੀ ਟੱਕਰ, ਮੌਤ

ਦੋਰਾਹਾ, (ਜ.ਬ.)- ਦੋਰਾਹਾ ਦੇ ਕੱਦੋਂ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਇਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਨੌਜਵਾਨ ਦੀ ਮੌਤ ਤੇ ਇਕ ਦੇ ਗੰਭੀਰ ਰੂਪ 'ਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਸੁਖਵਿੰਦਰ ਸਿੰਘ 33 ਸਾਲ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਕੱਦੋਂ ਥਾਣਾ ਦੋਰਾਹਾ ਵਜੋਂ ਹੋਈ ਹੈ। 
ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਿਤਾ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਸਦਾ ਲੜਕਾ ਦੋਰਾਹਾ ਦੀ ਇਕ ਪ੍ਰਾਈਵੇਟ ਫੈਕਟਰੀ 'ਚ ਨੌਕਰੀ ਕਰਦਾ ਸੀ, ਜੋ ਕਿ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਖਤਮ ਕਰਕੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਵਾਪਸ ਜਾ ਰਿਹਾ ਸੀ। ਮ੍ਰਿਤਕ ਸੁਖਵਿੰਦਰ ਸਿੰਘ ਨੇ ਜਾਂਦੇ ਸਮੇਂ ਮੋਟਰਸਾਈਕਲ ਪਿਛੇ ਪਿੰਡ ਕੱਦੋਂ ਦੇ ਹੀ ਇਕ ਨੌਜਵਾਨ ਅਵਤਾਰ ਸਿੰਘ ਪੁੱਤਰ ਅਮਰੀਕ ਸਿੰਘ ਨੂੰ ਬੈਠਾ ਲਿਆ, ਜਿਨ੍ਹਾਂ ਨੂੰ ਕੱਦੋਂ ਰੋਡ 'ਤੇ ਇਕ ਪੈਲੇਸ ਨੇੜੇ ਇਕ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਦੋਨੋਂ ਜ਼ਖਮੀਆਂ ਨੂੰ ਇਲਾਜ ਲਈ ਦੋਰਾਹਾ ਦੇ ਇਕ ਪ੍ਰਾਈਵੇਟ ਹਸਪਤਾਲ  'ਚ ਦਾਖਲ ਕਰਵਾਇਆ ਗਿਆ, ਜਿੱਥੇ ਕਿ ਡਾਕਟਰਾਂ ਵੱਲੋਂ ਸੁਖਵਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। 
ਥਾਣਾ ਦੋਰਾਹਾ ਦੇ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।


author

KamalJeet Singh

Content Editor

Related News