ਮਰੀਆਂ ਮੱਛੀਆਂ ''ਚੋਂ ਆਉਂਦੀ ਬਦਬੂ ਨਾਲ ਆਸ-ਪਾਸ ਰਹਿਣ ਵਾਲਿਆਂ ਦਾ ਜਿਊਣਾ ਹੋਇਆ ਮੁਹਾਲ

09/29/2018 1:45:39 PM

ਭੁੱਚੋ ਮੰਡੀ(ਨਾਗਪਾਲ)— ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰਾ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਛੱਪੜ ਵਿਚਲੀਆਂ ਮੱਛੀਆਂ ਦੇ ਮਰ ਜਾਣ 'ਤੇ ਫੈਲੀ ਬਦਬੂ ਕਾਰਨ ਆਸ-ਪਾਸ ਰਹਿਣ ਵਾਲੇ ਪਿੰਡ ਵਾਸੀਆਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਦੋ ਦਿਨ ਬੀਤ ਜਾਣ ਦੇ ਬਾਵਜੂਦ ਨਾ ਤਾਂ ਛੱਪੜ ਦੀ ਸਫਾਈ ਸ਼ੁਰੂ ਕੀਤੀ ਗਈ ਹੈ ਅਤੇ ਨਾ ਹੀ ਛੱਪੜ ਦੇ ਬਾਹਰ ਪਈਆਂ ਮਰ ਚੁੱਕੀਆਂ ਮੱਛੀਆਂ ਨੂੰ ਹਟਾਇਆ ਹੈ। ਇਸ ਦੇ ਹੱਲ ਲਈ ਨਾ ਤਾਂ ਪੰਚਾਇਤ ਨੇ ਕੋਈ ਕਾਰਵਾਈ ਕੀਤੀ ਹੈ ਅਤੇ ਨਾ ਹੀ ਪ੍ਰਸ਼ਾਸਨ ਨੇ ਕੋਈ ਧਿਆਨ ਦਿੱਤਾ ਹੈ ਜਿਸ ਕਾਰਨ ਪਿੰਡ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਹੁਸ਼ਿਆਰ ਸਿੰਘ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਇਸ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਪਿੰਡ ਵਿਚ ਬੀਮਾਰੀ ਫੈਲਣ ਤੋਂ ਰੋਕਿਆ ਜਾ ਸਕੇ।

ਪਿੰਡ ਵਾਸੀ ਮਹਿੰਦਰ ਸਿੰਘ, ਅਵਤਾਰ ਸਿੰਘ, ਅਜਮੇਰ ਸਿੰਘ, ਗਮਦੂਰ ਸਿੰਘ, ਭੋਲਾ ਸਿੰਘ ਨੇ ਕਿਹਾ ਕਿ ਕਰੀਬ ਸਾਢੇ ਚਾਰ ਮਹੀਨੇ ਪਹਿਲਾਂ 7 ਮਈ ਨੂੰ ਵੀ ਭਾਰੀ ਗਿਣਤੀ ਵਿਚ ਮੱਛੀਆਂ ਮਰ ਗਈਆਂ ਸਨ ਜਿਸ ਕਰ ਕੇ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਪੰਚਾਇਤ ਦੀ ਲਾਪ੍ਰਵਾਹੀ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਛੱਪੜ ਦੇ ਆਸ-ਪਾਸ ਆਉਂਦੀ  ਬਦਬੂ ਕਾਰ ਇਤਿਹਾਸਕ ਗੁਰਦੁਆਰਾ ਸਾਹਿਬ  ਅਤੇ ਸ਼ਹੀਦ ਬਾਬਾ ਫਤਿਹ ਸਿੰਘ ਯਾਦਗਾਰੀ ਪਾਰਕ ਵਿਚ ਜਾਣਾ ਵੀ ਮੁਸ਼ਕਲ ਹੋਇਆ ਪਿਆ ਹੈ। ਇਸ ਤੋਂ ਇਲਾਵਾ ਸਕੂਲ ਜਾਣ ਲਈ ਬੱਚੇ ਵੀ ਘੁੰਮ ਕੇ ਦੂਸਰੇ ਪਾਸੇ ਦੀ ਜਾਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਆਪਣੇ ਪਸ਼ੂ ਵੀ ਛੱਪੜ ਵਿਚ ਨਹਾਉਣ ਦੀ ਬਜਾਏ ਘਰਾਂ ਵਿਚ ਹੀ ਨਹਾਉਣਾ ਪੈ ਰਿਹਾ ਹੈ। ਕਿਸਾਨ ਆਗੂ ਹੁਸ਼ਿਆਰ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਨਾ ਤਾਂ ਪੰਚਾਇਤ ਵਲੋਂ ਕੋਈ ਧਿਆਨ ਦਿੱਤਾ ਗਿਆ ਅਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਸਮੱਸਿਆ ਦੇ ਹੱਲ ਲਈ ਕੋਈ ਉਪਰਾਲਾ ਕੀਤਾ।  ਜੇਕਰ ਪ੍ਰਸ਼ਾਸਨ ਦਾ ਇਹੀ ਰਵੱਈਆ ਰਿਹਾ ਤਾਂ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।

ਇਸ ਸਬੰਧੀ ਠੇਕੇਦਾਰ ਹਰਬੰਸ ਸਿੰਘ ਨਾਲ ਫੋਨ 'ਤੇ ਸੰਪਰਕ ਕਰਨ 'ਤੇ ਉਸ ਨੇ  ਦੱਸਿਆ ਕਿ ਪਿੰਡ ਵਿਚ ਕਰੀਬ ਚਾਰ ਏਕੜ ਵਿਚ ਸਾਫ ਪਾਣੀ ਵਾਲਾ ਛੱਪੜ ਅਤੇ ਇਕ ਏਕੜ ਵਿਚ ਗੰਦੇ ਪਾਣੀ ਦਾ ਛੱਪੜ ਬਣਿਆ ਹੋਇਆ ਹੈ ਜਿਸ ਦਾ ਪਾਣੀ ਝੰਡੂਕੇ ਡਰੇਨ ਵਿਚ ਪਾਇਆ ਜਾਂਦਾ ਹੈ ਪਰ ਪਿਛਲੇ ਕਈ ਦਿਨਾਂ ਤੋਂ ਮੋਟਰ ਨਾ ਚਲਾਏ ਜਾਣ ਕਰਕੇ ਗੰਦਾ ਪਾਣੀ ਸਾਫ ਪਾਣੀ ਵਾਲੇ ਛੱਪੜ ਵਿਚ ਆ ਗਿਆ। ਗੰਦਾ ਪਾਣੀ ਇਸ ਛੱਪੜ ਵਿਚ ਮਿਲ ਜਾਣ ਕਾਰਨ ਮੱਛੀਆਂ ਮਰੀਆਂ ਹਨ। ਉਨ੍ਹਾਂ ਦੱਸਿਆ ਕਿ ਸਾਢੇ ਚਾਰ ਮਹੀਨੇ ਪਹਿਲਾਂ ਉਸ ਦਾ ਦੋ ਲੱਖ ਦਾ ਨੁਕਸਾਨ ਹੋਇਆ ਸੀ ਅਤੇ ਹੁਣ ਇਕ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਠੇਕੇਦਾਰ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੰਚਾਇਤ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ। 

ਇਸ ਸਬੰਧੀ ਪਿੰਡ ਦੀ ਸਰਪੰਚ ਹਰਦੀਪ ਕੌਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਛੱਪੜ ਦੀ ਕੰਧ ਢਹਿ ਜਾਣ ਨਾਲ ਦੂਜੇ ਛੱਪੜ ਵਿਚਲਾ ਗੰਦਾ ਪਾਣੀ ਮਿਕਸ ਹੋ ਜਾਣ ਕਾਰਨ ਅਜਿਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਠੇਕੇਦਾਰ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਉਸ ਨੂੰ ਤੁਰੰਤ ਇਹ ਮੱਛੀਆਂ ਹਟਾਉਣ ਲਈ ਕਿਹਾ ਹੈ।


Related News